ਪੰਜਾਬ ਦੀ ਮਾਨ ਸਰਕਾਰ ਵਲੋਂ ਬੁਲਾਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਰੋਕੇ RDF ਫੰਡ ਦੇ ਮਤੇ ‘ਤੇ ਚਰਚਾ ਕੀਤੀ ਗਈ। ਸਦਨ ਅੰਦਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਵੱਲੋਂ ਪੇਂਡੂ ਵਿਕਾਸ ਫੰਡ ਰੋਕੇ ਜਾਣ ਬਾਰੇ ਮਤਾ ਪੇਸ਼ ਕੀਤਾ ਅਤੇ ਕਿਹਾ ਕਿ ਕੇਂਦਰ ਨੇ ਪੰਜਾਬ ਦਾ 4 ਸਾਲਾਂ ਦਾ 3622 ਕਰੋੜ ਰੁਪਏ ਦਾ ਫੰਡ ਰੋਕ ਰੱਖਿਆ ਗਿਆ, ਜਿਸ ਕਾਰਨ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਇਸ ਮੁੱਦੇ ‘ਤੇ ਬਹਿਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਬਦਲਾਖ਼ੋਰੀ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਤਿੰਨ-ਤਿੰਨ ਪੀੜ੍ਹੀਆਂ ਬਾਰਡਰਾਂ ‘ਤੇ ਸ਼ਹੀਦ ਹੋਈਆਂ ਹਨ।
ਇਸ ਤੋਂ ਬਾਅਦ RDF ਨੂੰ ਲੈਕੇ CM ਮਾਨ ਨੇ ਕੇਂਦਰ ‘ਤੇ ਸ਼ਬਦੀ ਹਮਲਾ ਕੀਤਾ। ਉਹਨਾਂ ਕਿਹਾ ਕੇਂਦਰ ਨੇ ਪੰਜਾਬ ਦਾ ਫੰਡ ਰੋਕਿਆ ਹੈ ਅਤੇ ਫੰਡ ਰੁਕਣ ਕਾਰਨ ਪਿੰਡਾਂ ਦਾ ਵਿਕਾਸ ਵੀ ਰੁਕ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਐਕਟ ਵੀ ਬਣਾਇਆ ਫਿਰ ਵੀ ਪੈਸਾ ਜਾਰੀ ਨਹੀਂ ਹੋਇਆ। ਨਾਲ ਹੀ ਉਹਨਾਂ RDF ‘ਤੇ ਆਪਣਾ ਹੱਕ ਜਤਾਉਂਦੇ ਹੋਏ ਕਿਹਾ RDF ਦਾ ਪੈਸਾ ਸਾਡਾ ਹੱਕ, ਜੋ ਕੇਂਦਰ ਨਹੀਂ ਦੇ ਰਿਹਾ ਹੈ। ਇਸਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਆਰ. ਡੀ. ਐੱਫ. ਬਾਰੇ ਸਰਕਾਰ ਵੱਲੋਂ ਲਿਆਂਦੇ ਗਏ ਮਤੇ ਦਾ ਸਮਰਥਨ ਕੀਤਾ ਗਿਆ। ਇਸ ਬਾਰੇ ਬੋਲਦਿਆਂ ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਕਿ ਜਿਹੜੇ ਪੈਸੇ ਨਾਲ ਪੰਜਾਬ ਦੀ ਤਰੱਕੀ ਹੋਣੀ ਸੀ, ਉਹ ਪੈਸਾ ਕੇਂਦਰ ਰੋਕ ਕੇ ਬੈਠਾ ਹੈ ਅਤੇ ਇਸ ਨੂੰ ਸਾਨੂੰ ਰਲ-ਮਿਲ ਕੇ ਕੇਂਦਰ ਤੋਂ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਇਸ ਮੁੱਦੇ ‘ਤੇ ਸੁਪਰੀਮ ਕੋਰਟ ਜਾਣ ਦਾ ਵੀ ਸੰਕੇਤ ਦਿੱਤਾ ਹੈ। ਇਸਦੇ ਨਾਲ ਹੀ ਸੀ.ਐਮ. ਮਾਨ ਨੇ ਕਿਹਾ ਕਿ ਅਸੀਂ ਦੀ ਕੋਈ ਭੀਖ ਨਹੀਂ ਸਗੋਂ ਹੱਕ ਮੰਗ ਰਹੇ ਹਾਂ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੇਕਰ ਅਸੀ ਇਕ ਵਾਰ ਦਾਣਾ ਰੋਕ ਦਈਏ ਤਾਂ ਕੀ ਹੋਵੇਗਾ।
ਇਥੇ ਇਹ ਵੀ ਦਸ ਦਈਏ ਕਿ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਹੋਣ ਲੱਗਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਖੜ੍ਹਾ ਕੀਤਾ ਕਿ ਸੈਸ਼ਨ ਕਿਸ ਮਕਸਦ ਲਈ ਬੁਲਾਇਆ ਜਾਵੇ, ਇਸ ਬਾਰੇ ਸਾਨੂੰ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਆਪਰੇਸ਼ਨ ਲੋਟਸ ਬਾਰੇ ਵੀ ਚਰਚਾ ਕੀਤੀ ਜਾਵੇ। ਇਸ ਤੋਂ ਬਾਅਦ ਕਾਂਗਰਸ ਵੱਲੋਂ ਸਦਨ ‘ਚੋਂ ਵਾਕਆਊਟ ਕਰ ਦਿੱਤਾ ਗਿਆ ਅਤੇ ਬਾਹਰ ਜਾਂਦੇ ਸਮੇਂ ਕਾਂਗਰਸੀ ਵਿਧਾਇਕਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।