ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਮਿਲਣ ਤੋਂ ਬਾਅਦ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਕ ਵੀਡੀਓ ਜਾਰੀ ਕਰਕੇ ਵੱਡਾ ਬਿਆਨ ਦਿੱਤਾ ਹੈ। ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਗੁਜਰਾਤ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਸੂਬੇ ‘ਚ ਜਿੱਤ ਦੀ ਉਮੀਦ ਜਤਾਈ। ਇਕ ਵੀਡੀਓ ਸੰਦੇਸ਼ ‘ਚ ਕੇਜਰੀਵਾਲ ਨੇ ਕਿਹਾ ਕਿ ਹਾਲਾਂਕਿ ‘ਆਪ’ ਨੇ ਗੁਜਰਾਤ ‘ਚ ਜ਼ਿਆਦਾ ਸੀਟਾਂ ਨਹੀਂ ਜਿੱਤੀਆਂ ਹਨ ਪਰ ਉਸ ਨੂੰ ਮਿਲੀਆਂ ਵੋਟਾਂ ਨੇ ਉਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿਵਾਉਣ ‘ਚ ਮਦਦ ਕੀਤੀ। ਉਨ੍ਹਾਂ ਕਿਹਾ,”ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ‘ਚ ਮਦਦ ਕਰਨ ਲਈ ਮੈਂ ਗੁਜਰਾਤ ਦੇ ਲੋਕਾਂ ਦਾ ਧੰਨਵਾਦੀ ਹਾਂ। ਬਹੁਤ ਘੱਟ ਪਾਰਟੀਆਂ ਨੂੰ ਇਹ ਦਰਜਾ ਮਿਲਿਆ ਹੈ ਅਤੇ ਹੁਣ ਅਸੀਂ ਉਨ੍ਹਾਂ ‘ਚੋਂ ਇਕ ਹਾਂ। ਸਾਡੀ ਪਾਰਟੀ ਸਿਰਫ਼ 10 ਸਾਲ ਪੁਰਾਣੀ ਹੈ।’
ਉਨ੍ਹਾਂ ਕਿਹਾ ਕਿ ਗੁਜਰਾਤ ਨੂੰ ਭਾਜਪਾ ਦਾ ‘ਕਿਲ੍ਹਾ’ ਮੰਨਿਆ ਜਾਂਦਾ ਹੈ ਅਤੇ ਸੂਬੇ ਦੇ ਲੋਕਾਂ ਨੇ ਇਸ ‘ਚ ਸੇਂਧ ਲਗਾਉਣ ‘ਚ ‘ਆਪ’ ਦੀ ਮਦਦ ਕੀਤੀ ਹੈ। ਉਮੀਦ ਹੈ, ਅਗਲੀ ਵਾਰ ਅਸੀਂ ਇਸ ਨੂੰ ਜਿੱਤਣ ‘ਚ ਸਮਰੱਥ ਹੋਵਾਂਗੇ।” ਕੇਜਰੀਵਾਲ ਨੇ ਇਹ ਵੀ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਪਾਰਟੀ ਅਤੇ ਨੇਤਾਵਾਂ ਨੇ ਕਦੇ ਵੀ ਚਿੱਕੜ ਉਛਾਲਣ ਜਾਂ ਅਪਮਾਨਜਨਕ ਰਾਜਨੀਤੀ ਨਹੀਂ ਕੀਤੀ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਸਕਾਰਾਤਮਕ ਚੀਜ਼ਾਂ ਅਤੇ ਦਿੱਲੀ ਅਤੇ ਪੰਜਾਬ ‘ਚ ਪਾਰਟੀ ਵਲੋਂ ਕੀਤੇ ਗਏ ਕੰਮਾਂ ਬਾਰੇ ਗੱਲ ਕੀਤੀ, ਜਿੱਥੇ ‘ਆਪ’ ਸੱਤਾ ‘ਚ ਹੈ।