ਇਸ ਵੇਲੇ ਦੀ ਵੱਡੀ ਖ਼ਬਰ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਜੁੜੀ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸ਼ਿਕਾਇਤ ‘ਤੇ ਕਾਂਗਰਸ ਹਾਈਕਮਾਂਡ ਨੇ ਵੱਡਾ ਐਕਸ਼ਨ ਲੈਂਦਿਆਂ, ਮਹਾਰਾਣੀ ਪ੍ਰਨੀਤ ਕੌਰ ਨੂੰ ਪਾਰਟੀ ‘ਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਕਾਂਗਰਸ ਪਾਰਟੀ ਵਲੋਂ ਇਕ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਨੋਟਿਸ ਅਨੁਸਾਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਮਹਾਰਾਣੀ ਪ੍ਰਨੀਤ ਕੌਰ ਖਿਲਾਫ਼ ਪਾਰਟੀ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਵਿਚ ਉਹਨਾਂ ਨੇ ਪ੍ਰਨੀਤ ਕੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਇਹ ਕਾਰਵਾਈ ਪ੍ਰਨੀਤ ਕੌਰ ਖਿਲਾਫ਼ ਕੀਤੀ ਗਈ ਹੈ।
ਇਥੇ ਦਸ ਦਈਏ ਕਿ ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਨੀਤ ਕੌਰ ਵਲੋਂ 3 ਦਿਨਾਂ ‘ਚ ਉਹਨਾਂ ਨੂੰ ਪਾਰਟੀ ‘ਚੋਂ ਨਾ ਕੱਢਣ ਦਾ ਕਾਰਨ ਵੀ ਦੱਸਿਆ ਜਾਵੇ। ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਜਦੋਂ ਪੰਜਾਬ ‘ਚ ਚਲ ਰਹੀ ਸੀ ਤਾਂ ਉਸ ਸਮੇਂ ਵੀ ਪ੍ਰਨੀਤ ਕੌਰ ਇਸ ਯਾਤਰਾ ਵਿਚ ਸ਼ਾਮਲ ਨਹੀਂ ਹੋਏ ਹਨ ਅਤੇ ਇਹ ਵੀ ਖ਼ਬਰਾ ਆ ਰਹੀਆਂ ਸੀ ਕਿ ਪ੍ਰਨੀਤ ਕੌਰ ਜਲਦ ਭਾਜਪਾ ਦੇ ਵਿਚ ਸ਼ਾਮਲ ਹੋ ਸਕਦੇ ਹਨ।