ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ‘ਚ ਆ ਕੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਦੌਰਾਨ ਸੀਐਮ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਹਿਲ ਦਾ ਬੰਦਾ ਕਹਿ ਕੇ ਵਿਅੰਗ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮੁਗਲਾਂ ਦਾ ਰਾਜ ਸੀ ਤਾਂ ਉਹ ਉਨ੍ਹਾਂ ਦੇ ਨਾਲ ਸਨ, ਜਦੋਂ ਕਾਂਗਰਸ ਦਾ ਰਾਜ ਆਇਆ ਤਾਂ ਉਹ ਉਨ੍ਹਾਂ ਦੇ ਨਾਲ ਸਨ ਅਤੇ ਅਕਾਲੀ ਦਲ ਦੇ ਰਾਜ ਦੌਰਾਨ ਉਨ੍ਹਾਂ ਦੇ ਨਾਲ ਰਹਿਣ ਤੋਂ ਬਾਅਦ ਹੁਣ ਭਾਜਪਾ ਦੇ ਰਾਜ ਵਿੱਚ ਮਹਿਲ ਦੇ ਲੋਕ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਸਵਾਲ ਕੀਤਾ ਕਿ ਤੁਸੀਂ ਕਦੇ ਲੋਕਾਂ ਨਾਲ ਖੜ੍ਹੇ ਹੋ।
ਇਸ ਤੋਂ ਇਲਾਵਾ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ। ਇਸ ਵਿੱਚ ਉਨ੍ਹਾਂ ਲੋਕਾਂ ਨੂੰ ਆਪਣੀ ਵੋਟ ਦਾ ਦਾਨ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਸਰਬ ਸੰਮਤੀ ਨਾਲ ਪੰਚਾਇਤਾਂ ਚੁਣਨ ਵਾਲੇ ਪਿੰਡਾਂ ਨੂੰ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਦੇਖਿਆ ਕਿ ਪੰਚਾਇਤੀ ਚੋਣਾਂ ਵੇਲੇ ਬਹੁਤ ਲੜਾਈਆਂ ਹੁੰਦੀਆਂ ਹਨ ਅਤੇ ਸਰਪੰਚੀ ਲੈਣ ਲਈ ਇਕ ਧਿਰ, ਦੂਜੀ ਧਿਰ ਨੂੰ ਨੀਵਾਂ ਦਿਖਾਉਣ ‘ਚ ਕੋਈ ਕਸਰ ਨਹੀਂ ਛੱਡਦੀ ਪਰ ਹੁਣ ਜੇਕਰ ਸਰਬ ਸੰਮਤੀ ਨਾਲ ਪੰਚਾਇਤ ਚੁਣ ਲਈ ਜਾਵੇਗੀ ਤਾਂ ਉਨ੍ਹਾਂ ਪਿੰਡਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।
ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਇਹ ਸੋਚੇਗਾ ਕਿ 30-40 ਲੱਖ ਰੁਪਿਆ ਲਾ ਕੇ ਉਹ ਸਰਪੰਚ ਬਣ ਜਾਵੇਗਾ ਅਤੇ ਫਿਰ ਸਰਕਾਰ ਵੱਲੋਂ ਆਉਣ ਵਾਲੀ ਗ੍ਰਾਂਟ ਖਾ ਜਾਵੇਗਾ ਤਾਂ ਅਜਿਹੇ ਲੋਕ ਆਪਣੇ ਦਿਲ ‘ਚੋਂ ਇਹ ਵਹਿਮ ਕੱਢ ਦੇਣ ਕਿਉਂਕਿ ਗ੍ਰਾਂਟ ਵਾਲਾ ਪੈਸਾ ਮੇਰੇ ਹੱਥੋਂ ਹੀ ਜਾਵੇਗਾ ਅਤੇ ਇਹ ਪਿੰਡ ਦੇ ਵਿਕਾਸ ਲਈ ਹੀ ਖ਼ਰਚ ਹੋਵੇਗਾ ਅਤੇ ਅਸੀਂ ਇਸ ‘ਚ ਕੋਈ ਵੀ ਘਪਲਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਹ ਸਮਾਂ ਪਹਿਲਾਂ ਹੀ ਹੁੰਦਾ ਸੀ ਕਿ ਗ੍ਰਾਂਟ ਆਉਣ ‘ਤੇ ਪਿੰਡ ਦੀਆਂ ਗਲੀਆਂ-ਨਾਲੀਆਂ ਬਾਅਦ ‘ਚ ਬਣਨੀਆਂ ਸ਼ੁਰੂ ਹੁੰਦੀਆਂ ਸਨ ਪਰ ਸਰਪੰਚ ਦੀ ਕੋਠੀ ਪਹਿਲਾਂ ਹੀ ਬਣਨੀ ਸ਼ੁਰੂ ਹੋ ਜਾਂਦੀ ਸੀ ਪਰ ਹੁਣ ਸਮਾਂ ਬਹੁਤ ਬਦਲ ਗਿਆ ਹੈ।