ਬੀਤੇ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ। ਜਿਸ ਤੋਂ ਬਾਅਦ ਹੁਣ ਉਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਹਾਲੀ ਪ੍ਰਸ਼ਾਸਨ ਨੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਬਾਰਡਰ ਉੱਤੇ ਹੁਣ ਦੋ ਬੁਲੇਟ ਪਰੂਫ ਟਰੈਕਟਰਾਂ ਸਮੇਤ ਰੇਤੇ ਨਾਲ ਭਰੇ ਚਾਰ ਵੱਡੇ ਟਿੱਪਰ ਵੀ ਖੜ੍ਹੇ ਕਰ ਦਿੱਤੇ ਗਏ ਹਨ ਤਾਂ ਜੋ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਚੰਡੀਗੜ੍ਹ ਵਿੱਚ ਦਾਖ਼ਲ ਨਾ ਹੋਣ।
ਉਥੇ ਹੀ ਦੂਜੇ ਪਾਸੇ ਮੋਰਚੇ ਦੇ ਆਗੂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਜਾਣ ਦੀ ਕੋਸ਼ਿਸ਼ ‘ਚ ਡਟੇ ਹੋਏ ਹਨ। ਅੱਜ ਵੀ ਅਵਤਾਰ ਸਿੰਘ ਫੂਲੇਵਾਲ ਦੀ ਅਗਵਾਈ ਹੇਠ 31 ਮੈਂਬਰਾਂ ਦੇ ਜੱਥੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ ਪਰ ਯੂਟੀ ਪੁਲਿਸ ਨੇ ਇਸ ਜਥੇ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ, ਜਿਸ ਕਾਰਨ ਉਹ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਧਰਨਾ ਲਗਾ ਕੇ ਬੈਠ ਗਏ।