‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਡਿਬੇਟ ਕਰਨ ਦੇ ਚੈਲੰਜ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਪ੍ਰਵਾਨ ਕਰ ਅੱਗਿਓ ਚੁਣੌਤੀ ਦਿੱਤੀ ਸੀ ਕਿ ਜੇਕਰ ਮੈਨੂੰ ਕਿਸੇ ਤੋਂ ਮਰਵਾਇਆ ਨਾ ਜਾਵੇ ਤਾਂ ਮੈਂ ਅੰਮ੍ਰਿਤਪਾਲ ਸਿੰਘ ਨਾਲ ਡਿਬੇਟ ਕਰਨ ਲਈ ਤਿਆਰ ਹਾਂ। ਹੁਣ ਇਸ ਵਿਚਕਾਰ ਸਭ ਦੀਆਂ ਨਜ਼ਰਾਂ ਅੰਮ੍ਰਿਤਪਾਲ ਸਿੰਘ ਦੇ ਜਵਾਬ ‘ਤੇ ਟਿਕੀਆਂ ਹੋਈਆਂ ਸੀ ਕਿ ਉਹ ਇਸਦਾ ਕੀ ਜਵਾਬ ਦਿੰਦੇ ਹਨ।
ਹੁਣ ਅੰਮ੍ਰਿਤਪਾਲ ਸਿੰਘ ਨੇ ਇਸਦਾ ਮੋੜਵਾਂ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕੰਗਨਾ ਰਣੌਤ ਨਾਲ ਕੋਈ ਗੱਲਬਾਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਚੱਲ ਰਹੀ ਨਸਲਕੁਸ਼ੀ ਤੇ ਆਜ਼ਾਦੀ ਵਰਗੇ ਬੇਹੱਦ ਗੰਭੀਰ ਮਸਲਿਆਂ ‘ਤੇ ਗੱਲਬਾਤ ਲਈ ਅਸੀਂ ਸੱਦਾ ਦਿੱਤਾ ਹੋਇਆ ਹੈ, ਜਿਸ ਬਾਰੇ ਗੰਭੀਰ ਚਰਚਾ ਦੀ ਅਸੀਂ ਤਵੱਕੋ ਕਰਦੇ ਹਾਂ। ਉਨ੍ਹਾਂ ਕੰਗਨਾ ਦੀ ਚੁਨੌਤੀ ਨੂੰ ਨਕਾਰਨ ਦਾ ਜਵਾਬ ਦਿੱਤਾ ਕਿ ਜੇ 1947 ਵਿਚ ਸਿੱਖ ਆਗੂਆਂ ਨਾਲ ਵਾਅਦੇ ਨਹਿਰੂ, ਵੱਲਭ ਬਾਈ ਪਟੇਲ ਦੀ ਥਾਂ ਮਧੂਬਾਲਾ ਜਾਂ ਨਰਗਿਸ ਨੇ ਕੀਤੇ ਹੋਣ ਤਾਂ ਹੁਣ ਗੱਲ ਕੰਗਣਾ ਰਣੌਤ ਕਰ ਸਕਦੀ ਹੈ। ਅਸਲ ‘ਚ ਸਿੱਖਾਂ ਦੇ ਭਵਿੱਖ ਨਾਲ ਜੁੜੇ ਸਵਾਲਾਂ ਨੂੰ ਫਿਲਮੀ ਕਲਾਕਾਰ, ਨਾਚ ਅਤੇ ਕੋਮਲ ਕਲਾਵਾਂ ਵਾਲਿਆਂ ਵੱਲੋਂ ਨਹੀਂ, ਸਗੋਂ ਨਹਿਰੂ-ਗਾਂਧੀ-ਪਟੇਲ ਦੇ ਵਰਸਾਂ ਵੱਲੋਂ ਮੁਖਾਤਬ ਹੋਣਾ ਬਣਦਾ ਹੈ।
ਜ਼ਿਕਰ ਕਰ ਦਈਏ ਕਿ ਬੀਤੇ ਕੱਲ੍ਹ ਸਵੇਰੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਬਹਿਸ ਦੀ ਚੁਨੌਤੀ ਨੂੰ ਕੰਗਨਾ ਰਣੌਤ ਨੇ ਸਵੀਕਾਰ ਕਰ ਲਿਆ ਸੀ। ਬਾਲੀਵੁੱਡ ਅਦਾਕਾਰਾ ਨੇ ਕਿਹਾ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਨਾਲ ਖਾਲਿਸਤਾਨ ਦੇ ਮੁੱਦੇ ਉਪਰ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ।