ਜੀ.ਐੱਸ.ਟੀ. ਚੋਰੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਅੱਜ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਅਚਨਚੇਤ ਹੀ ਟਰੱਕਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਆਬਕਾਰੀ ਤੇ ਕਰ ਵਿਭਾਗ ਦੇ ਉੱਚ ਅਧਿਕਾਰੀ ਵੀ ਸਨ। ਮੰਤਰੀ ਨੇ ਸੂਬੇ ‘ਚ ਆ ਰਹੇ ਅਤੇ ਜਾ ਰਹੇ ਟਰੱਕਾਂ ਦੀ ਚੈਕਿੰਗ ਕਰ ਕੇ ਜੀ.ਐੱਸ.ਟੀ. ਦੀ ਚੋਰੀ ਦੀ ਚੈਕਿੰਗ ਕੀਤੀ। ਹਰਪਾਲ ਚੀਮਾ ਨੇ ਮੌਕੇ ’ਤੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਹਲਕੇ ‘ਚ ਜਾ ਰਹੇ ਸਨ। ਜਦੋਂ ਉਨ੍ਹਾਂ ਨੂੰ ਜੀ. ਐੱਸ. ਟੀ. ਚੋਰੀ ਹੋਣ ਬਾਰੇ ਸ਼ਿਕਾਇਤਾਂ ਮਿਲੀਆਂ ਤਾਂ ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਟਰੱਕਾਂ ਵਾਲਿਆਂ ਕੋਲ ਲੱਦੇ ਸਾਮਾਨ ਦੇ ਬਿੱਲ ਹੀ ਨਹੀਂ ਹਨ। ਅਜਿਹਾ ਹੀ ਇਕ ਟਰੱਕ ਕਬਾੜ ਦਾ ਸਾਮਾਨ ਲੈ ਕੇ ਜਾ ਰਿਹਾ ਸੀ, ਜਿਸ ਕੋਲ ਕੋਈ ਬਿੱਲ ਨਹੀਂ ਸੀ।
ਉਨ੍ਹਾਂ ਦੱਸਿਆ ਕਿ ਅਜਿਹੇ ਸਾਰੇ ਟਰੱਕਾਂ ਵਾਲਿਆਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬਣਦਾ ਜੁਰਮਾਨਾ ਲਗਾਇਆ ਜਾਵੇਗਾ। ਇਕ ਅੰਦਾਜ਼ੇ ਮੁਤਾਬਕ ਅਜਿਹੇ ਡਿਫਾਲਟਰਾਂ ਨੂੰ 10 ਤੋਂ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਚੀਮਾ ਨੇ ਦੱਸਿਆ ਕਿ ਕੁੱਝ ਟਰੱਕਾਂ ਵਾਲੇ ਬਹੁਤ ਚੰਗੇ ਸੁਭਾਅ ਦੇ ਹਨ, ਜਿਨ੍ਹਾਂ ਦੇ ਸਾਰੇ ਦਸਤਾਵੇਜ਼ ਪੂਰੇ ਮਿਲੇ ਹਨ।