ਦਿੱਲੀ ‘ਚ ਯਮੁਨਾ ਦਾ ਪਾਣੀ ਦਾ ਪੱਧਰ ਮੰਗਲਵਾਰ ਨੂੰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ ਹੈ। ਯਮੁਨਾ ਦਾ ਪਾਣੀ ਦੁਪਹਿਰ 3 ਵਜੇ 205.46 ਮੀਟਰ ਰਿਕਾਰਡ ਕੀਤਾ ਗਿਆ। ਬੀਤੀ ਸ਼ਾਮ 6 ਵਜੇ ਯਮੁਨਾ ਦੇ ਪਾਣੀ ਦਾ ਪੱਧਰ 205.40 ਮੀਟਰ ਸੀ। ਇਸ ਦੇ ਨਾਲ ਹੀ ਰਾਤ 8 ਵਜੇ ਯਮੁਨਾ ਦਾ ਪਾਣੀ 205.30 ਮੀਟਰ ਰਿਕਾਰਡ ਕੀਤਾ ਗਿਆ। ਦਸ ਦਈਏ ਕਿ 10 ਜੁਲਾਈ ਨੂੰ ਸ਼ਾਮ 5 ਵਜੇ ਯਮੁਨਾ ਦੇ ਪਾਣੀ ਦਾ ਪੱਧਰ 205.33 ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ। ਹੁਣ 8 ਦਿਨਾਂ ਬਾਅਦ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ ਹੈ।
ਹੁਣ ਯਮੁਨਾ ਦੇ ਪਾਣੀ ਦਾ ਪੱਧਰ 204.50 ਦੇ ਚੇਤਾਵਨੀ ਪੱਧਰ ਤੋਂ ਉਪਰ ਹੀ ਹੈ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਯਮੁਨਾ ਦੇ ਪਾਣੀ ਦਾ ਪੱਧਰ ਲਗਾਤਾਰ ਬਦਲ ਰਿਹਾ ਹੈ।
ਇਸ ਦੌਰਾਨ ਦਿੱਲੀ ‘ਚ ਭਾਰੀ ਵਾਹਨਾਂ ਦੇ ਦਾਖ਼ਲੇ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਇਹ ਫੈਸਲਾ ਹੜ੍ਹ ਦੀ ਸਥਿਤੀ ਵਿੱਚ ਸੁਧਾਰ ਅਤੇ ਯਮੁਨਾ ਦੇ ਪਾਣੀ ਦੇ ਘਟਦੇ ਪੱਧਰ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਸ ਦੇ ਨਾਲ ਹੀ ਡੇਂਗੂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਦੇ ਸਕੂਲਾਂ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਦਿੱਲੀ ਦੇ ਸਿਹਤ ਅਤੇ ਹੜ੍ਹ ਨਿਯੰਤਰਣ ਮੰਤਰੀ ਸੌਰਭ ਭਾਰਦਵਾਜ ਨੇ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਨਗਰ ਨਿਗਮ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਹੈ ਕਿ ਡੇਂਗੂ ਅਤੇ ਮੌਸਮੀ ਬਿਮਾਰੀਆਂ ਦੇ ਮੱਦੇਨਜ਼ਰ ਬੱਚਿਆਂ ਨੂੰ ਫੁਲ ਸਲੀਵ ਸ਼ਰਟ, ਟਰਾਊਜ਼ਰ/ਸਕਰਟ ਪਾ ਕੇ ਸਕੂਲ ਭੇਜਿਆ ਜਾਵੇ।
ਸੌਰਭ ਭਾਰਦਵਾਜ ਨੇ ਦੱਸਿਆ ਕਿ ਪਿਛਲੇ ਹਫਤੇ ਡੇਂਗੂ ਦੇ 39 ਮਾਮਲੇ ਸਾਹਮਣੇ ਆਏ ਸਨ ਅਤੇ ਇਸ ਪੂਰੇ ਸਾਲ ਦੌਰਾਨ 163 ਮਾਮਲੇ ਸਾਹਮਣੇ ਆਏ ਹਨ। ਇਹ ਇਸ ਸਮੇਂ ਦੌਰਾਨ 2020 ਅਤੇ 2021 ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਪਾਣੀ ਭਰਨ ਦਾ ਹਵਾਲਾ ਦਿੰਦਿਆਂ ਸੌਰਭ ਭਾਰਦਵਾਜ ਨੇ ਕਿਹਾ ਹੈ ਕਿ ਇਸ ਮੌਸਮ ਵਿੱਚ ਡੇਂਗੂ ਦਾ ਮੱਛਰ ਜ਼ਿਆਦਾ ਸਰਗਰਮ ਹੁੰਦਾ ਹੈ। ਉਹ ਜ਼ਿਆਦਾਤਰ ਗੋਡਿਆਂ ਅਤੇ ਕੂਹਣੀਆਂ ‘ਤੇ ਡੰਗ ਮਾਰਦੇ ਹਨ, ਇਸ ਲਈ ਬੱਚਿਆਂ ਨੂੰ ਇਨ੍ਹਾਂ ਤੋਂ ਸੁਰੱਖਿਅਤ ਰੱਖਣਾ ਯਕੀਨੀ ਬਣਾਓ।