NIA ਵਲੋਂ ਖਾਲਸਾ ਏਡ ‘ਤੇ ਕੀਤੀ ਗਈ ਛਾਪੇਮਾਰੀ ਦਾ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। ਹਰ ਪਾਸੇ ਇਸਦੀ ਨਿੰਦਾ ਹੋ ਰਹੀ ਹੈ। ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ‘ਤੇ ਆਪਣਾ ਪ੍ਰਤੀਕਰਮ ਦੇ ਦਿੱਤਾ ਹੈ। ਉਹਨਾਂ ਨੇ ਵੀਡੀਓ ਜਾਰੀ ਕਰਦਿਆਂ ਇਸਦੀ ਨਿਖੇਦੀ ਕੀਤੀ ਅਤੇ ਇਸ ਨੂੰ ਇਕ ਮੰਦਭਾਗੀ ਘਟਨਾ ਕਰਾਰ ਦਿੱਤਾ। ਵੜਿੰਗ ਨੇ ਕਿਹਾ ਕਿ ਖਾਲਸਾ ਏਡ ਨੇ ਲੋੜਵੰਦਾਂ ਦੀ ਮਦਦ ਅਤੇ ਕਿਸਾਨੀ ਅੰਦੋਲਨ ਵਿਚ ਵੀ ਇਸ ਸੰਸਥਾ ਨੇ ਮੋਹਰੀ ਹੋ ਕੇ ਆਪਣਾ ਰੋਲ ਅਦਾ ਕੀਤਾ ਸੀ। ਉਹਨਾਂ ਸਵਾਲ ਕੀਤਾ ਕਿ ਬਹੁਤ ਕੁਝ ਹੋਰ ਪ੍ਰਦੇਸ਼ਾਂ ‘ਚ ਹੋ ਰਿਹਾ ਹੈ ਪਰ ਉਸ ‘ਤੇ ਤਾਂ ਨਜ਼ਰ ਨਹੀਂ ਰੱਖੀ ਜਾ ਰਹੀ ਪਰ ਖਾਲਸਾ ਏਡ, ਬੀਜੇਪੀ ਨੂੰ ਕਿਉਂ ਚੁੱਭ ਰਿਹਾ ਹੈ।
ਦਸ ਦਈਏ ਕਿ ਖਾਲਿਸਤਾਨੀ ਕਨੈਕਸ਼ਨਾਂ ਨੂੰ ਲੈਕੇ ਬੀਤੇ ਦਿਨੀ ਕੇਂਦਰੀ ਏਜੰਸੀ ਐਨ.ਆਈ.ਏ. ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਛਾਪੇਮਾਰੀ ਕੀਤੀ ਸੀ ਅਤੇ ਇਕ ਟੀਮ ਪਟਿਆਲਾ ਵਿਖੇ ਵੀ ਪਹੁੰਚੀ ਜਿੰਨਾਂ ਨੇ ਖਾਲਸਾ ਏਡ ਦੇ ਮੈਂਬਰ ਅਮਰਪ੍ਰੀਤ ਸਿੰਘ ਦੇ ਘਰ ਅਤੇ ਗੋਦਾਮ ‘ਚ ਛਾਪਾ ਮਾਰਿਆ ਸੀ। ਇਸ ਮਾਮਲੇ ਦੀ ਸੰਸਥਾ ਅਤੇ ਇਸਦੇ ਸੀਈਓ ਰਵੀ ਸਿੰਘ ਖਾਲਸਾ ਪਹਿਲਾਂ ਹੀ ਨਿੰਦਾ ਕਰ ਚੁੱਕੇ ਹਨ ਤੇ ਹੁਣ ਸਿਆਸੀ ਆਗੂਆਂ ਵਲੋਂ ਵੀ ਇਸ ਦੀ ਕਰੜੇ ਸ਼ਬਦਾ ਵਿਚ ਨਿਖੇਦੀ ਕੀਤੀ ਜਾ ਰਹੀ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਨੇ ਵੀ ਐਨ.ਆਈ.ਏ. ਦੀ ਇਸ ਛਾਪੇਮਾਰੀ ‘ਤੇ ਕਿਹਾ ਕਿ ਸਿੱਖ ਕੌਮ ਨੂੰ ਟਾਰਗੈਟ ਕੀਤਾ ਜਾ ਰਿਹਾ ਹੈ।