ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਦੋਸ਼ੀ ਠਹਿਰਾਏ ਗਏ ਖੌਫਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਕ ਨਿੱਜੀ ਚੈੱਨਲ ਨਾਲ ਹੋਏ ਇੰਟਰਵਿਊ ਨੇ ਸਿਆਸਤ ਪੂਰੀ ਤਰ੍ਹਾ ਭਖਾ ਦਿੱਤੀ ਹੈ। ਹੁਣ ਇਸ ਮੁੱਦੇ ‘ਤੇ ਵਿਰੋਧੀ ਪਾਰਟੀਆਂ ਮਾਨ ਸਰਕਾਰ ਨੂੰ ਘੇਰਦੀਆਂ ਵਿਖਾਈ ਦੇ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ‘ਆਪ’ ਦੀ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਈ ਸਵਾਲ ਖੜੇ ਕਰ ਦਿੱਤੇ ਹਨ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਗੈਂਗਸਟਰਾਂ ਸਾਹਮਣੇ ਝੁਕ ਗਏ ਹਨ। ਉਹ ਮਰਹੂਮ ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਲਈ ਉਹ ਖਤਰਨਾਕ ਗੈਂਗਸਟਰ ਦੀ ਵਰਤੋਂ ਕਰ ਰਹੇ ਹਨ। ਉਨਾਂ ਸਵਾਲ ਕੀਤਾ ਕਿ ਉਸ ਇਸ ਤਰੀਕੇ ਨਾਲ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦੇਣਗੇ? ਨਾਲ ਹੀ ਉਹਨਾਂ ਕਿਹਾ ਕਿ ਉਹ ਮੂਸੇਵਾਲਾ ਪਰਿਵਾਰ ਦੇ ਨਾਲ ਹੈ। ਉਹ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਇਨਸਾਫ਼ ਦੇਣ ਲਈ ਮਜਬੂਰ ਕਰਨਗੇ।
ਇਕ ਹੋਰ ਟਵੀਟ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਆਪਣੀ ਹੀ ਮਿਲੀਭੁਗਤ ਤੋਂ ਧਿਆਨ ਹਟਾਉਣ ਲਈ ਸਿੱਧੂ ਮੂਸੇਵਾਲਾ ਕਤਲ ਦੇ ਸ਼ੱਕੀ ਦੀ ਇੰਟਰਵਿਊ ਦੀ ਸਹੂਲਤ ਦੇਣ ਵਾਲਾ ਸੂਬਾ ਦਰਸਾਉਂਦਾ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਇਸ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ “ਮੈਂ ਹੈਰਾਨ ਹਾਂ ਕਿ ਲਾਰੈਂਸ ਬਿਸ਼ਨੋਈ ਵਰਗਾ ਗੈਂਗਸਟਰ ਹਿਰਾਸਤ ਵਿੱਚ ਹੋਣ ਦੇ ਦੌਰਾਨ ਇੱਕ ਇੰਟਰਵਿਊ ਕਿਵੇਂ ਦੇ ਸਕਦਾ ਹੈ, ਭਾਵੇਂ ਉਹ ਪੰਜਾਬ ਜੇਲ੍ਹ ਵਿੱਚ ਹੋਵੇ ਜਾਂ ਹੋਰ ਕਿਤੇ! ਇਹ ਭਾਰਤ ਵਿੱਚ ਕਾਨੂੰਨ-ਵਿਵਸਥਾ ਦੇ ਪੂਰੀ ਤਰ੍ਹਾਂ ਟੁੱਟਣ ਦਾ ਸੰਕੇਤ ਦਿੰਦਾ ਹੈ! ਮੈਂ ਤਾਕੀਦ ਕਰਦਾ ਹਾਂ ਕਿ ਇਸ ਮਸਲੇ ‘ਤੇ ਭਗਵੰਤ ਮਾਨ ਅਤੇ ਡੀ.ਜੀ.ਪੀ. ਪੰਜਾਬ ਆਪਣੀ ਸਥਿਤੀ ਸਪੱਸ਼ਟ ਕਰਨ।
ਇਕ ਹੋਰ ਟਵੀਟ ਕਰਦਿਆਂ ਖਹਿਰਾ ਨੇ ਲਿਖਿਆ ਕਿ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਬਜਾਏ ਬਿਸ਼ਨੋਈ ਦੀ ਜੇਲ ‘ਚ ਹੋਈ ਇੰਟਰਵਿਊ ‘ਤੇ ਸਵਾਲ ਪੁੱਛਣ ‘ਤੇ ਕਾਰਵਾਈ ਦੀਆਂ ਧਮਕੀਆਂ ਦੇ ਕੇ ਮੀਡੀਆ, ਵਿਰੋਧੀ ਧਿਰ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਦੀ ਇੰਟਰਵਿਊ ਕਿੱਥੇ ਲਈ ਗਈ ਸੀ?
ਹਾਲਾਂਕਿ, ਇਸ ਭਖਦੇ ਮੁੱਦੇ ‘ਤੇ ਬਠਿੰਡਾ ਦੇ ਜੇਲ੍ਹ ਸੁਪਰਡੈਂਟ ਐਨ.ਡੀ. ਨੇਗੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਗੈਂਗਸਟਰ ਵਲੋਂ ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤਾ ਗਿਆ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਦਾ ਨਹੀਂ ਹੈ। ਇਸ ਤੋਂ ਇਲਾਵਾ ਆਈ.ਜੀ ਜੇਲਾਂ ਆਰ.ਕੇ ਅਰੋੜਾ ਨੇ ਦੱਸਿਆ ਕਿ “ਇਹ ਅਫਵਾਹਾਂ ਫੈਲ ਰਹੀਆਂ ਹਨ ਕਿ ਇੰਟਰਵਿਊ ਬਠਿੰਡਾ ਜੇਲ ਦੇ ਅੰਦਰੋਂ ਰਿਕਾਰਡ ਕੀਤੀ ਗਈ ਸੀ, ਇਹ ਅਫਵਾਹਾਂ ਬੇਬੁਨਿਆਦ ਹਨ ਅਤੇ ਇਹ ਵੀਡਿਓ ਨਾ ਤਾਂ ਬਠਿੰਡਾ ਜੇਲ ਦੀ ਹੈ ਅਤੇ ਨਾਲ ਹੀ ਪੰਜਾਬ ਦੀ ਕਿਸੇ ਹੋਰ ਜੇਲ ਦੀ ਹੈ। ਉਨ੍ਹਾਂ ਅੱਗੇ ਕਿਹਾ, “ਇਹ ਹੋਰ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਕੈਦੀ ਇਸ ਸਮੇਂ ਬਠਿੰਡਾ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ਵਿੱਚ ਸੀਮਤ ਹੈ ਜਿੱਥੇ ਉਸ ਦੀਆਂ ਗਤੀਵਿਧੀਆਂ ‘ਤੇ 24 ਘੰਟੇ ਸਖ਼ਤ ਨਿਗਰਾਨੀ ਰੱਖੀ ਜਾਂਦੀ ਹੈ।” ਆਰ ਕੇ ਅਰੋੜਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਪੰਜਾਬ ਜੇਲ੍ਹ ਪ੍ਰਸ਼ਾਸਨ ਦੇ ਅਕਸ ਨੂੰ ਖ਼ਰਾਬ ਕਰਨ ਵਾਲੀਆਂ ਝੂਠੀਆਂ ਖ਼ਬਰਾਂ ਫੈਲਾਉਂਦਾ ਫੜਿਆ ਗਿਆ ਤਾਂ ਉਸ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।