26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਪੁਲਿਸ ਵਿਭਾਗ ਵਲੋਂ ਹਰ ਸਾਲ ਥਾਂ-ਥਾਂ ‘ਤੇ ਨਾਕਾਬੰਦੀ ਕਰਕੇ ਚੌਕਸੀ ਵਧਾ ਦਿੱਤੀ ਜਾਂਦੀ ਹੈ। ਇਸੇ ਵਾਰ ਵੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਲਈ ਨਿਰਦੇਸ਼ ਜਾਰੀ ਕੀਤੇ ਹਨ ਜਿਸ ਵਿਚ ਉਹਨਾਂ ਨੇ ਪੰਜਾਬ ਪੁਲਸ ਦੀ ਸਮੁੱਚੀ ਫੋਰਸ ਨੂੰ 26 ਜਨਵਰੀ ਨੂੰ ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਚੌਕਸ ਰਹਿਣ ਦੇ ਲਈ ਕਿਹਾ ਗਿਆ ਹੈ। ਸੂਬੇ ਵਿੱਚ ਕਿਉਂਕਿ ਠੰਡ ਅਤੇ ਧੁੰਦ ਦਾ ਮੌਸਮ ਚੱਲ ਰਿਹਾ ਹੈ, ਡੀ. ਜੀ. ਪੀ. ਨੇ ਖ਼ਾਸ ਤੌਰ ’ਤੇ ਸਰਹੱਦੀ ਖੇਤਰਾਂ ’ਚ ਵੀ ਚੌਕਸੀ ਵਧਾਉਣ ਲਈ ਕਿਹਾ ਹੈ। ਪਿਛਲੇ ਕੁੱਝ ਸਮੇਂ ਦੌਰਾਨ ਧੁੰਦ ਦੇ ਮੌਸਮ ’ਚ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ। ਅਗਲੇ ਕੁੱਝ ਦਿਨਾਂ ਤੱਕ ਕਿਉਂਕਿ ਧੁੰਦ ਵਾਲਾ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਲਈ ਡੀ. ਜੀ. ਪੀ. ਨੇ ਸਰਹੱਦੀ ਖੇਤਰਾਂ ’ਚ ਤਾਇਨਾਤ ਪੁਲਸ ਅਧਿਕਾਰੀਆਂ ਨੂੰ ਬੀ. ਐੱਸ. ਐੱਫ. ਨਾਲ ਤਾਲਮੇਲ ਸੁਧਾਰਨ ਲਈ ਕਿਹਾ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਗਣਤੰਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਪੁਲਸ ਨੂੰ ਪੂਰੇ ਸੂਬੇ ’ਚ ਨਾਕਾਬੰਦੀ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਪਿਛਲੇ ਦਿਨੀਂ ਫਗਵਾੜਾ ਵਿੱਚ ਵਾਪਰੀ ਘਟਨਾ ਤੋਂ ਬਾਅਦ ਵੀ ਡੀ. ਜੀ. ਪੀ. ਵਲੋਂ ਸਾਰੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼, ਪੁਲਸ ਕਮਿਸ਼ਨਰਾਂ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ। ਗਣਤੰਤਰ ਦਿਹਾੜੇ ਦੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਅਤੇ ਸੂਬੇ ਦੇ ਸਾਰੇ ਮੰਤਰੀਆਂ ਨੇ ਰਾਸ਼ਟਰੀ ਝੰਡਾ ਲਹਿਰਾਉਣਾ ਹੈ। ਇਸ ਲਈ ਡੀ. ਜੀ. ਪੀ. ਨੇ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗਣਤੰਤਰ ਦਿਹਾੜੇ ਤੋਂ ਪਹਿਲਾਂ ਡੀ. ਜੀ. ਪੀ. ਵਲੋਂ ਇਕ ਵਾਰ ਫਿਰ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭੇਜਿਆ ਜਾ ਸਕਦਾ ਹੈ। ਡੀ. ਜੀ. ਪੀ. ਨੇ ਸਮੂਹ ਪੁਲਸ ਅਧਿਕਾਰੀਆਂ ਨੂੰ ਫੀਲਡ ਵਿੱਚ ਰਹਿਣ ਅਤੇ ਗੈਂਗਸਟਰਾਂ, ਨਸ਼ਾ ਤਸਕਰਾਂ ਦੇ ਸ਼ੱਕੀ ਇਲਾਕਿਆਂ ਵਿਚ ਆਪਣੀ ਨਿਗਰਾਨੀ ਹੇਠ ਤਲਾਸ਼ੀ ਮੁਹਿੰਮ ਚਲਾਉਣ ਲਈ ਕਿਹਾ ਹੈ। ਗਣਤੰਤਰ ਦਿਹਾੜੇ ਤੋਂ ਪਹਿਲਾਂ ਪੁਲਸ ਅਧਿਕਾਰੀਆਂ ਵੱਲੋਂ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਤੇ ਹੋਰ ਖੇਤਰਾਂ ‘ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਜਾ ਸਕਦੀ ਹੈ। ਡੀ. ਜੀ. ਪੀ. ਗੌਰਵ ਯਾਦਵ ਖ਼ੁਦ ਸਾਰੇ ਜ਼ਿਲ੍ਹਿਆਂ ਤੋਂ ਅਮਨ-ਕਾਨੂੰਨ ਦੀ ਸਥਿਤੀ ਬਾਰੇ ਰਿਪੋਰਟਾਂ ਮੰਗਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦਾ ਮੁੱਖ ਮੰਤਵ ਸੂਬੇ ਵਿਚ ਹਰ ਕੀਮਤ ’ਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣਾ ਹੈ। ਪੰਜਾਬ ਪੁਲਸ ਇਸ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।