ਗੁਜਰਾਤ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸਾਰੀਆਂ ਪਾਰਟੀਆਂ ਆਪਣਾ ਪੂਰਾ-ਜ਼ੋਰ ਲਗਾ ਰਹੀਆਂ ਹਨ ਪਰ ਹੁਣ ਇਕ ਟਵੀਟ ਕਰਕੇ ‘ਆਪ’ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦਰਅਸਲ, ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਕਰੀਆਂ ਦੇਣ ਦੇ ਵਾਅਦੇ ਉੱਤੇ ਸਖ਼ਤ ਟਿੱਪਣੀ ਕੀਤੀ ਹੈ। ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਕੇ ਗੁਜਰਾਤੀਆਂ ਨੂੰ ਮਾਨ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ। ਸੁਖਪਾਲ ਖਹਿਰਾ ਨੇ ਟਵੀਟ ਕਰਕੇ ਕਿਹਾ, “ਮੈਂ ਗੁਜਰਾਤ ਦੇ ਵੋਟਰਾਂ ਨੂੰ ਕਾਮੇਡੀਅਨ(ਭਗਵੰਤ ਮਾਨ) ਦੇ ਜਾਲ ਵਿੱਚ ਨਾ ਫਸਣ ਦੀ ਅਪੀਲ ਕਰਦਾ ਹਾਂ। ਰੁਜ਼ਗਾਰ ਦੇ ਉਸ ਦੇ ਸਰਾਸਰ ਝੂਠੇ ਦਾਅਵਿਆਂ ‘ਤੇ ਹੁਣੇ ਹੀ ਪੰਜਾਬ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੇ ਅੰਦੋਲਨ ਬਾਰੇ ਗੂਗਲ ਕਰਕੇ ਖ਼ਬਰਾਂ ਪੜ੍ਹੋ! ਪੰਜਾਬ ਭਰ ਵਿੱਚ ਕਈ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਵੱਲੋਂ ਰੈਗੂਲਰ ਨੌਕਰੀਆਂ ਦੀ ਮੰਗ ਨੂੰ ਲੈ ਕੇ ਧਰਨੇ ਦਿੱਤੇ ਜਾ ਰਹੇ ਹਨ!”
ਜ਼ਿਕਰ ਕਰ ਦਈਏ ਕਿ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਉੱਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨਾ ਸਾਧਣ ਤੋਂ ਗੁਰੇਜ ਨਹੀਂ ਕਰਕੇ। ਆਏ ਦਿਨ ਸੁਖਪਾਲ ਖਹਿਰਾ ਵੱਲੋਂ ਪਾਰਟੀ ਉੱਤੇ ਸਵਾਲਾਂ ਦੀ ਬਾਛੜ ਕੀਤੀ ਜਾਂਦੀ ਹੈ। ਗੁਜਰਾਤ ਚੋਣਾ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਕਿਹਾ ਸੀ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ‘ਤੇ ਗੁਜਰਾਤ ਦੇ ਹਰ ਬੇਰੁਜ਼ਗਾਰ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇਗੀ। ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਸ਼ੁੱਕਰਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ 8 ਮਹੀਨਿਆਂ ਵਿੱਚ 20,776 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਪੇਸ਼ ਕਰਦਿਆਂ ਕਿਹਾ ਕਿ ਅਸੀਂ ਦੂਜੀਆਂ ਪਾਰਟੀਆਂ ਵਾਂਗ ਝੂਠੇ ਵਾਅਦੇ ਨਹੀਂ ਕਰਦੇ। ਆਮ ਆਦਮੀ ਪਾਰਟੀ ਜੋ ਵੀ ਵਾਅਦੇ ਕਰਦੀ ਹੈ, ਉਹ ਉਨ੍ਹਾਂ ਨੂੰ ਪੂਰਾ ਕਰਦੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਦਿੱਤੇ ਗਏ ਇਹ ਨਿਯੁਕਤੀ ਪੱਤਰ ‘ਆਪ’ ਸਰਕਾਰ ਦੀ ਪ੍ਰਤੀਬੱਧਤਾ ਦਾ ਸਬੂਤ ਹਨ। ਗੁਜਰਾਤ ਵਿੱਚ ਵੀ ਸਰਕਾਰ ਬਣਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।