ਗੁਜਰਾਤ ਚੋਣਾਂ ਨੂੰ ਲੈਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਹਰ ਸਿਆਸੀ ਪਾਰਟੀ ਵਲੋਂ ਆਪਣਾ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸੇ ਦਰਮਿਆਨ ਪੰਜਾਬ ਦੇ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਜਪਾ ਤੇ ਕਾਂਗਰਸ ਵਾਲਿਆਂ ਕੋਲ ਪੈਸੇ ਦੀ ਘਾਟ ਨਹੀਂ ਹੈ, ਇਸ ਲਈ ਗੁਜਰਾਤ ਦੇ ਵੋਟਰਾਂ ਨੂੰ ਭਾਜਪਾਈਆਂ ਤੋਂ ਪੈਸੇ ਲੈਣੇ ਚਾਹੀਦੇ ਹਨ ਪਰ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਉਣੀ ਚਾਹੀਦੀ ਹੈ। ਧਾਲੀਵਾਲ ਬੀਤੇ ਦਿਨ ਗੁਜਰਾਤ ਵਿਖੇ ਜਾਮਨਗਰ ਦੇ ਹਲਕਾ ਜਾਮਜੋਧਪੁਰ ਤੋਂ ‘ਆਪ’ ਉਮੀਦਵਾਰ ਅਹੀਰ ਹੇਮੰਤ ਖਾਵਾ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਪਿਛਲੇ 27 ਸਾਲਾਂ ਤੋਂ ਭਾਜਪਾ ਦਾ ਰਾਜ ਹੈ, ਜਿਸ ਨੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਤੋਂ ਸਿਵਾਏ ਕੁਝ ਨਹੀਂ ਦਿੱਤਾ। ਹੁਣ ਸਮਾਂ ਆ ਗਿਆ ਹੈ ਜਦੋਂ ਗੁਜਰਾਤ ਦੇ ਲੋਕਾਂ ਨੂੰ ਬਦਲਾਅ ਦੇ ਪੱਖ ’ਚ ਵੋਟ ਪਾਉਣੀ ਚਾਹੀਦੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ ਹੈ ਕਿਉਂਕਿ ਕੇਜਰੀਵਾਲ ਦੇਸ਼ ਵਿਚ ਬਦਲਾਅ ਚਾਹੁੰਦੇ ਹਨ। ਪੁਰਾਣਾ ਬੁਨਿਆਦੀ ਢਾਂਚਾ ਫੇਲ੍ਹ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਨਵੇਂ ਢਾਂਚੇ ਦੀ ਲੋੜ ਹੈ ਜਿਸ ਵਿਚ ਵਿਕਾਸ ਹੋ ਸਕੇ। ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਵੀਂ ਹੈ, ਇਸ ਲਈ ਇਸ ਨੂੰ ਰੋਕਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਲੋਕ ਇਸੇ ਤਰ੍ਹਾਂ ਖਾਮੋਸ਼ ਸਨ ਪਰ ਆਖ਼ਿਰਕਾਰ ਉਨ੍ਹਾਂ ਆਪਣੀ ਵੋਟ ਆਮ ਆਦਮੀ ਪਾਰਟੀ ਦੇ ਹੱਕ ਵਿਚ ਪਾਈ ਸੀ, ਜਿਸ ਕਾਰਨ ਵੱਡੇ-ਵੱਡੇ ਦਿੱਗਜ ਵੀ ਢੇਰ ਹੋ ਗਏ ਸਨ। ਗੁਜਰਾਤ ਵਿਚ ਵੀ ਪੰਜਾਬ ਦਾ ਇਤਿਹਾਸ ਦੁਹਰਾਇਆ ਜਾਵੇਗਾ।