Gujarat Assembly Elections 2022 Results: ਗੁਜਰਾਤ ਵਿੱਚ ਭਾਜਪਾ ਨੂੰ ਸ਼ੁਰੂਆਤੀ ਰੁਝਾਨਾਂ ਵਿੱਚ ਰਿਕਾਰਡ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਪਾਰਟੀ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਮੋਰਬੀ ਤੋਂ ਭਾਜਪਾ ਉਮੀਦਵਾਰ ਕਾਂਤੀਲਾਲ ਅਮ੍ਰਿਤੀਆ ਕੁੱਲ 10,156 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦਸ ਦਈਏ ਕਿ ਉਨ੍ਹਾਂ ਵੱਲੋਂ ਅਕਤੂਬਰ ਵਿੱਚ ਮੋਰਬੀ ਪੁਲ ਦੇ ਢਹਿਣ ਦੌਰਾਨ ਕਈ ਜਾਨਾਂ ਬਚਾਈਆਂ ਗਈਆਂ ਸਨ।
ਇਹ ਭਾਜਪਾ ਲਈ ਕਾਫੀ ਖ਼ੁਸ਼ੀ ਦੀ ਗੱਲ ਹੈ ਕਿ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ’ਚ ਭਾਜਪਾ, ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਵੱਡੀ ਲੀਡ ਬਣਾਉਂਦੀ ਨਜ਼ਰ ਆ ਰਹੀ ਹੈ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਜਪਾ 154 ਸੀਟਾਂ ਨਾਲ ਅੱਗੇ ਚੱਲ ਰਹੀ ਹੈ, ਉੱਥੇ ਹੀ ਕਾਂਗਰਸ ਨੂੰ 18 ਸੀਟਾਂ ਅਤੇ ਆਮ ਆਦਮੀ ਪਾਰਟੀ ਨੂੰ 6 ਸੀਟਾਂ ਮਿਲੀਆਂ ਹਨ।
ਦੱਸ ਦੇਈਏ ਕਿ ਵੋਟਿੰਗ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਲਈ ਚੋਣ ਕਮਿਸ਼ਨ ਨੇ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਹਨ। ਚੋਣਾਂ ’ਚ ਕੁੱਲ 1,621 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੈ। ਗੁਜਰਾਤ ਦੀਆਂ 182 ਮੈਂਬਰੀ ਵਿਧਾਨ ਸਭਾ ਸੀਟਾਂ ’ਤੇ ਇਸ ਵਾਰ 66.31 ਫ਼ੀਸਦੀ ਵੋਟਾਂ ਪਈਆਂ ਸਨ। ਮੁੱਖ ਮੰਤਰੀ ਭੁਪਿੰਦਰ ਪਟੇਲ, ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸ਼ੂਦਾਨ ਗੜਵੀ, ਯੁਵਾ ਨੇਤਾ ਹਾਰਦਿਕ ਪਟੇਲ ਸਮੇਤ ਕੁੱਲ 1621 ਉਮੀਦਵਾਰਾਂ ਦੀ ਕਿਮਸਤ ਦਾ ਫ਼ੈਸਲਾ ਅੱਜ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਭਾਜਪਾ ਵਿਰੋਧੀ ਪਾਰਟੀਆਂ ਤੋਂ ਅੱਗੇ ਚੱਲ ਰਹੀ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਵਾਰ ਫਿਰ ਭਾਜਪਾ ਆਪਣਾ ਦਬਦਬਾ ਕਾਇਮ ਕਰਨ ਵਿਚ ਸਫ਼ਲ ਹੋ ਸਕਦੀ ਹੈ।