ਮਾਨ ਸਰਕਾਰ ਵਲੋਂ ਲਿਆਂਦੇ ਸਿੱਖ ਗੁਰਦੁਆਰਾ ਸੋਧ ਬਿੱਲ 2023 ਦੇ ਵਿਰੋਧ ਵਿਚ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਨੇ ਇਕ ਜਨਰਲ ਇਜਲਾਸ ਸੱਦਿਆ ਸੀ। ਜਿਸ ਵਿਚ ਪ੍ਰਧਾਨ ਧਾਮੀ ਨੇ ਇਸ ਬਿੱਲ ਨੂੰ ਰੱਦ ਕਰਨ ਦਾ ਐਲਾਨ ਕੀਤਾ ਅਤੇ ਮੁੱਖ ਮੰਤਰੀ ‘ਤੇ ਸ਼ਬਦੀ ਹਮਲਾ ਕੀਤਾ ਸੀ। ਜਿਸ ਦਾ ਜਵਾਬ ਮੁੱਖ ਮੰਤਰੀ ਮਾਨ ਨੇ ਦੇਕੇ ਮੁੜ ਸਿਆਸਤ ਭਖਾ ਦਿੱਤੀ ਹੈ। ਦਰਅਸਲ, ਸੀ.ਐਮ. ਨੇ SGPC ਪ੍ਰਧਾਨ ਧਾਮੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ “ਮੁੱਖ ਬੁਲਾਰਾ” ਕਹਿਕੇ ਤੰਜ ਕਸਿਆ ਅਤੇ ਸਵਾਲ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਇਜਲਾਸ ‘ਚ ਉਨ੍ਹਾਂ ‘ਤੇ ਦੋਸ਼ ਲਾਉਣ ਤੋਂ ਇਲਾਵਾ ਕੋਈ ਫ਼ੈਸਲਾ ਲਿਆ ਗਿਆ ਹੈ ਜਾਂ ਨਹੀਂ।
ਜਿਸ ਤੋਂ ਬਾਅਦ ਮਾਨ, ਪ੍ਰਧਾਨ ਧਾਮੀ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਨਿਸ਼ਾਨੇ ‘ਤੇ ਆ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਹਾਡੇ ਤੋਂ ਇਹੀ ਉਮੀਦ ਸੀ! ਕੀ ਪੰਜਾਬ ਦੇ “ਜੁਝਾਰੂ ਲੋਕਾਂ” ਨੂੰ “ਬਿੱਲੀ” ਕਹਿਣਾ ਸੋਭਨੀਕ ਹੈ? “ਮੁੱਖ ਬੁਲਾਰਾ” ਤੁਹਾਡੇ ਵੱਲੋਂ ਲੋਕਾਂ ਨੂੰ ਕੀਤੇ ਇਸ ਤੰਜ ਦੀ ਮੁਆਫ਼ੀ ਮੰਗਦਾ ਹੈ। ਬਾਕੀ ਸੰਗਤ ਵਿਚਾਰ ਲਵੇ!!!
ਇਥੇ ਹੀ ਬਸ ਨਹੀਂ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਭਗਵੰਤ ਮਾਨ ਨੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ । ਉਹਨਾਂ ਤੰਜ ਕਸਦਿਆਂ ਕਿਹਾ,”ਤੇਰਾ “ਬਿੱਲੀ ਕਬੂਤਰ” ਵਾਲਾ ਡਰਾਮਾ ਅੱਜ ਖਤਮ ਹੋ ਗਿਆ। ਅੱਜ ਤੂੰ ਸਿੰਘਾਂ ਨੂੰ ਦਹਾੜਦੇ ਸੁਣਿਆ ਹੈ। ਹੁਣ ਖੋਲ੍ਹ ਸਕਨੈਂ ਤਾਂ ਤੂੰ ਆਪਣੀਆਂ ਅੱਖਾਂ ਖੋਹਲ ਤੇ ਭੱਜ ਸਕਨਾਂ ਏਂ ਤਾਂ ਭੱਜ ਲੈ। ਵਰਨਾ ਮਸਖਰਾਪੁਣਾ ਤਾਂ ਮੱਸਾ ਰੰਘੜ ਵੀ ਬਥੇਰਾ ਕਰਦਾ ਸੀ। ਪਰ ਸਿੰਘਾਂ ਨੂੰ ਤੇਰੇ ਵਾਲਾ ਫੂਹੜਪੁਣਾ ਨਹੀ ਆਉਂਦਾ।ਸਿੰਘਾਂ ਨੂੰ ਜੋ ਆਉਂਦਾ ਹੈ ਉਸ ਬਾਰੇ ਅਕਾਲੀ ਇਤਿਹਾਸ ਭਰਿਆ ਪਿਆ ਹੈ ਤੇ ਸਾਰਾ ਜਹਾਨ ਉਸਤੋਂ ਵਾਕਿਫ ਹੈ।