ਗੁਰੂ ਨਗਰੀ ਅੰਮ੍ਰਿਤਸਰ ਵਿਚ ਬੀਤੀ ਰਾਤ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਸ੍ਰੀ ਦਰਬਾਰ ਸਾਹਿਬ ਨੇੜੇ ਦੋ ਨਿਹੰਗ ਸਿੰਘਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਚੌਂਕ ਸ੍ਰੀ ਗੁਰੂ ਰਾਮਦਾਸ ਸਰਾਂ ਵਿਖੇ ਦੋ ਨਿਹੰਗ ਸਿੰਘਾਂ ਦਾ ਆਪਣੀ ਟਕਰਾਅ ਦੌਰਾਨ ਇਕ ਨਿਹੰਗ ਸਿੰਘ ਦਾ ਗੁੱਟ ਵੱਡਿਆ ਗਿਆ। ਜ਼ਖਮੀ ਨਿਹੰਗ ਸਿੰਘ ਸਥਾਨਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ ਵਿਚ ਕੁੱਝ ਨਿਹੰਗ ਸਿੰਘ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਭਿੜ ਗਏ। ਦੇਖਦਿਆਂ-ਦੇਖਦਿਆਂ ਇਹ ਵਿਵਾਦ ਖੂਨੀ ਰੂਪ ਧਾਰ ਗਿਆ ਅਤੇ ਇਸ ਵਿਚ ਇਕ ਨਿਹੰਗ ਸਿੰਘ ਵੱਲੋਂ ਦੂਜੇ ਦੇ ਹੱਥ ‘ਤੇ ਵਾਰ ਕੀਤਾ ਗਿਆ। ਜ਼ਖ਼ਮੀ ਨਿਹੰਗ ਸਿੰਘ ਲਗਾਤਾਰ ਸੁਰਖੀਆਂ ਵਿਚ ਰਹਿਣ ਵਾਲੇ ਵਿੱਕੀ ਥੋਮਮ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਹੈ। ਘਟਨਾ ਦੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਵਿੱਕੀ ਥੋਮਸ ਸਿੰਘ ਇਕ ਹੋਰ ਨਿਹੰਗ ਜਥੇਬੰਦੀ ਵਿਚਾਲੇ ਬਹਿਸਬਾਜ਼ੀ ਚੱਲ ਰਹੀ ਹੈ।
ਵਿੱਕੀ ਥੋਮਸ ਸਿੰਘ ਨੇ ਦੱਸਿਆ ਕਿ ਅੱਜ ਦੁਪਿਹਰ ਨੂੰ ਰਮਨਦੀਪ ਸਿੰਘ ਮੰਗੂਮੱਠ ਨਾਮੀ ਇਕ ਨਿਹੰਗ ਸਿੰਘ ਨਾਲ ਉਸ ਦੇ ਸਾਥੀ ਸ਼ੁਸ਼ੀਲ ਸਿੰਘ ਉਰਫ ਮੋਹਕਮ ਸਿੰਘ ਨਿਹੰਗ ਵਿਚਾਲੇ ਕੁਝ ਤਕਰਾਰ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੁਸ਼ੀਲ ਸਿੰਘ ਉਰਫ ਮੋਹਕਮ ਸਿੰਘ ਨਿਹੰਗ ਨੇ ਰਮਨਦੀਪ ਸਿੰਘ ਮੰਗੂ ਮੱਠ ‘ਤੇ ਇਲਜਾਮ ਲਗਾਏ ਕਿ ਉਹ ਗਲਤ ਤੇ ਗੈਰ ਕਾਨੂੰਨੀ ਕੰਮ ਕਰਦਾ ਹੈ। ਦੋਵਾਂ ਧਿਰਾਂ ਵਿਚਾਲੇ ਹੋਈ ਲੜਾਈ ਦੌਰਾਨ ਕਿਰਪਾਨਾਂ ਕਾਰਨ ਸ਼ੁਸ਼ੀਲ ਸਿੰਘ ਉਰਫ ਮੋਹਕਮ ਸਿੰਘ ਨਿਹੰਗ ਦਾ ਗੁੱਟ ਵੱਡਿਆ ਗਿਆ। ਜਦਕਿ ਰਮਨਦੀਪ ਸਿੰਘ ਨਿਹੰਗ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਆਸਪਾਸ ਦੇ ਹੋਟਲਾਂ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਹੈ।