UP ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਪੰਜਾਬ ‘ਚ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਤੋਂ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਹੈ। ਬੀਤੇ ਕੱਲ੍ਹ ਮਾਨ ਸਰਕਾਰ ਵਲੋਂ ਭੇਜੇ ਗਏ ਰਿਕਵਰੀ ਨੋਟਿਸ ਤੋਂ ਬਾਅਦ ਸਾਬਕਾ ਜੇਲ੍ਹ ਮੰਤਰੀ ਰੰਧਾਵਾ ਨੇ ਤੰਜ ਕੱਸਦਿਆਂ ਕਿਹਾ ਕਿ ਸੀ.ਐੱਮ ਨੇ ਥੁੱਕ ਕੇ ਚੱਟਣ ਵਾਲੀ ਗੱਲ ਕੀਤੀ ਹੈ।
ਪੰਜਾਬ ਸਰਕਾਰ ਦੇ ਜੇਲ੍ਹ ਮੰਤਰਾਲੇ ਵੱਲੋਂ ਜਾਰੀ ਨੋਟਿਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਯੂਪੀ ਸਰਕਾਰ ਵੱਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਅੰਸਾਰੀ ਨੂੰ ਪੰਜਾਬ ਵਿੱਚ ਰੋਕਿਆ ਗਿਆ। ਯੂਪੀ ਸਰਕਾਰ ਵੱਲੋਂ ਅਦਾਲਤ ਵਿੱਚ ਅਰਜ਼ੀ ਦੇਣ ਤੋਂ ਬਾਅਦ ਵਕੀਲਾਂ ਦੀਆਂ ਫੀਸਾਂ ਦਾ ਬੋਝ ਪੰਜਾਬ ਸਰਕਾਰ ’ਤੇ ਪੈ ਗਿਆ। ਇਹ ਕੁਝ ਵੀ ਪਬਲਿਕ ਇੰਟਰਸਟ ਵਿੱਚ ਨਹੀਂ ਸੀ। ਇਸ ਲਈ ਦੋਵਾਂ ਤੋਂ ਅੰਸਾਰੀ ਦੇ ਖਰਚੇ ਵਾਲੇ ਫੀਸ ਬਰਾਬਰ ਵਸੂਲੀ ਜਾਵੇ। ਇਸ ਸ਼ੌ-ਕੋਜ਼ ਨੋਟਿਸ ‘ਚ 15 ਦਿਨਾਂ ਦਾ ਸਮਾਂ ਦੇ ਕੇ ਜਵਾਬ ਮੰਗਿਆ ਗਿਆ ਹੈ ਕਿ ਉਨ੍ਹਾਂ ਤੋਂ ਇਹ ਫੀਸ ਕਿਉਂ ਨਾ ਵਸੂਲੀ ਜਾਵੇ।
ਇਸ ‘ਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਟਵਿੱਟਰ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਰੰਧਾਵਾ ਨੇ ਕਿਹਾ- ਭਗਵੰਤ ਮਾਨ, ਮੈਨੂੰ ਤੁਹਾਡਾ ਨੋਟਿਸ ਮਿਲ ਗਿਆ ਹੈ। ਜਿਵੇਂ ਉਮੀਦ ਸੀ, ਤੁਸੀਂ ਇੱਕ ਵਾਰ ਫਿਰ ਥੁੱਕ ਕੇ ਚੱਟਣ ਵਾਲੀ ਗੱਲ ਕੀਤੀ ਹੈ। ਕਿਉਂਕਿ ਹੁਣ ਦਿੱਤਾ ਗਿਆ ਨੋਟਿਸ 17.60 ਲੱਖ ਰੁਪਏ ਦਾ ਹੈ ਨਾ ਕਿ 55 ਲੱਖ ਰੁਪਏ ਦਾ। ਕਿਉਂਕਿ ਮੈਂ ਟਵਿਟਰ-ਟਵਿਟਰ ਨਹੀਂ ਚਲਾਉਂਦਾ, ਇਸ ਲਈ ਮੈਂ ਕਾਨੂੰਨੀ ਕਾਰਵਾਈ ਕਰਕੇ ਤੁਹਾਨੂੰ ਜ਼ਰੂਰ ਸਬਕ ਸਿਖਾਵਾਂਗਾ।