ਪੰਜਾਬ ਦੇ ਵਿਚ ਗੈਂਗਸਟਰਾਂ ਦਾ ਰਾਜ ਇੰਨਾਂ ਜ਼ਿਆਦਾ ਵੱਧ ਚੁੱਕਾ ਹੈ ਕਿ ਉਹਨਾਂ ਵਲੋਂ ਸ਼ਰੇਆਮ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਦੇਰ ਸ਼ਾਮ ਗੈਂਗਸਟਰ ਗੋਲਡੀ ਬਰਾੜ ਵੱਲੋਂ ਇਕ ਵਾਰ ਫਿਰ ਇਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿਚ ਉਸਨੇ ਇਕ ਹਫ਼ਤੇ ਦੇ ਵਿਚ ਵਿਚ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੁਰੀਆਂ ਅਤੇ ਫਿਰ ਕੌਸ਼ਲ ਚੌਧਰੀ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਨਾਲ ਹੀ ਉਸਨੇ ਲਿਖਿਆ ਕਿ ਜਿਸ ਕਿਸੇ ਨੇ ਜੋ ਕੁਝ ਕਰਨਾ ਹੈ ਕਰ ਲਿਓ।
ਇਸ ਤੋਂ ਇਲਾਵਾ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਧਮਕੀ ਦਿੱਤੀ ਗਈ ਹੈ। ਗੋਲਡੀ ਨੇ ਧਮਕੀ ਦਿੰਦਿਆਂ ਕਿਹਾ ਕਿ “ਸੁਖਜਿੰਦਰ ਸਿੰਘ ਰੰਧਾਵਾ ਜੋ ਕਹਿ ਰਿਹਾ ਹੈ, ਕਿ ਮੈਂ ਗੈਂਗਸਟਰਾਂ ਨੂੰ ਜੁੱਤੀ ਦੀ ਨੋਕ ‘ਤੇ ਰੱਖਦਾ ਸੀ, ਉਹ ਵੀ ਸੁਣ ਲਵੇ, ਸਾਡੇ ਕੋਲ ਬੋਲਣ ਲਈ ਬਹੁਤ ਕੁਝ ਹੈ, ਸਾਨੂੰ ਮਜਬੂਰ ਨਾ ਕੀਤਾ ਜਾਵੇ। ਇਸ ਲਈ ਵੇਟ ਐਂਡ ਵਾਚ।
ਇਸ ਸਬੰਧ ’ਚ ਜਦੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਧਮਕੀਆਂ ਤੋਂ ਨਹੀਂ ਡਰਦੇ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਗੋਲਡੀ ਬਰਾੜ ਪੰਜਾਬ ਪੁਲਸ ਦੀ ਹਿਰਾਸਤ ’ਚ ਹੈ ਜਾਂ ਨਹੀਂ ਕਿਉਂਕਿ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਗੋਲਡੀ ਬਰਾੜ ਨੂੰ ਅਮਰੀਕਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਜੇਕਰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਫਿਰ ਉਹ ਕਿੱਥੋਂ ਧਮਕੀ ਦੇ ਰਿਹਾ ਹੈ।