ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ‘ਚ ਵਿਵਾਦ ਭਖਦਾ ਹੀ ਜਾ ਰਿਹਾ ਹੈ। ਕਾਂਗਰਸ ਅਤੇ ‘ਆਪ’ ਲਗਾਤਾਰ ਇਕ-ਦੂਜੇ ‘ਤੇ ਵਾਰ-ਪਲਟਵਾਰ ਕਰ ਰਹੀਆਂ ਹਨ। ਹੁਣ ਮਾਨ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਅੰਸਾਰੀ ਮਾਮਲੇ ‘ਚ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਮਾਨ ਨੇ ਖੁਦ ਟਵੀਟ ਰਾਹੀਂ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸਪੱਸ਼ਟ ਸ਼ਬਦਾਂ ‘ਚ ਕਿਹਾ ਸੀ ਕਿ UP ਦੇ ਗੈਂਗਸਟਰ ਅੰਸਾਰੀ ਨੂੰ ਆਪਣੀ ਦੋਸਤੀ ਨਿਭਾਉਣ ਲਈ ਪੰਜਾਬ ਦੀ ਜੇਲ੍ਹ ਚ ਰੱਖਣ ਅਤੇ ਉਸਦਾ ਕੇਸ ਸੁਪਰੀਮ ਕੋਰਟ ਚ ਲੜਣ ਦੀ ਫੀਸ 55 ਲੱਖ ਪੰਜਾਬ ਦੇ ਖ਼ਜ਼ਾਨੇ ਚੋਂ ਨਹੀ ਦਿੱਤੇ ਜਾਣਗੇ। ਉਸ ਵੇਲੇ ਦੇ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਹ ਪੈਸਾ ਵਸੂਲਿਆ ਜਾਵੇਗਾ। ਪੈਸਾ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦੀ ਪੈਨਸ਼ਨ ਅਤੇ ਹੋਰ ਸਰਕਾਰੀ ਸਹੂਲਤਾਂ ਰੱਦ ਕੀਤੀਆਂ ਜਾਣਗੀਆ। ਜਿਸ ਤੋਂ ਬਾਅਦ ਕੈਪਟਨ ਅੰਮਰਿੰਦਰ ਸਿੰਘ ਨੇ ਇਸ ‘ਤੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਸ਼੍ਰੀਮਾਨ ਭਗਵੰਤ ਮਾਨ ਅਜਿਹੇ ਬੇਤੁਕੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਕਾਨੂੰਨ ਅਤੇ ਜਾਂਚ ਦੀ ਪ੍ਰਕਿਰਿਆ ਨੂੰ ਸਿੱਖੋ, ਜੋ ਸਿਰਫ ਪ੍ਰਸ਼ਾਸਨ ਦੀ ਪ੍ਰਕਿਰਿਆ ਬਾਰੇ ਤੁਹਾਡੀ ਅਗਿਆਨਤਾ ਨੂੰ ਉਜਾਗਰ ਕਰ ਰਹੇ ਹਨ। ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਅਤੇ ਜਾਂਚ ਲਈ ਕਾਨੂੰਨੀ ਪ੍ਰਕਿਰਿਆ ਤਹਿਤ ਇੱਥੇ ਨਜ਼ਰਬੰਦ ਕੀਤਾ ਗਿਆ ਸੀ, ਇਸ ਸਭ ਵਿੱਚ ਮੁੱਖ ਮੰਤਰੀ ਜਾਂ ਜੇਲ੍ਹ ਮੰਤਰੀ ਕਿੱਥੋਂ ਆਉਂਦੇ ਹਨ?”
ਇਸ ਤੋਂ ਬਾਅਦ ਮੁੜ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਆਇਆ ਹੈ। ਉਹਨਾਂ ਟਵੀਟ ਜਾਰੀ ਕਰਦੇ ਹੋਏ ਕਿਹਾ, “ਕੈਪਟਨ ਸਾਹਬ ਮੈਂ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਰਖਵਾਲੀ ਕਰ ਰਿਹਾ ਹਾਂ। ਤੁਸੀ ਮੈਨੂੰ ਅਗਿਆਨੀ ਕਹਿ ਰਹੇ ਹੋ। ਕੈਪਟਨ ਸਾਹਬ ਮੁਗਲਾਂ ਦੇ ਰਾਜ ਵੇਲੇ ਤੁਸੀਂ ਮੁਗਲਾਂ ਨਾਲ ਸੀ। ਅੰਗਰੇਜ਼ਾਂ ਦੇ ਰਾਜ ਵੇਲੇ ਤੁਸੀਂ ਅੰਗਰੇਜ਼ਾਂ ਨਾਲ ਸੀ। ਕਾਂਗਰਸ ਦੇ ਰਾਜ ਵੇਲੇ ਤੁਸੀਂ ਕਾਂਗਰਸ ਨਾਲ ਸੀ। ਅਕਾਲੀਆਂ ਦੇ ਰਾਜ ਵੇਲੇ ਤੁਸੀਂ ਅਕਾਲੀਆਂ ਨਾਲ ਸੀ। ਹੁਣ ਭਾਜਪਾ ਦੇ ਰਾਜ ਵੇਲੇ ਤੁਸੀਂ ਭਾਜਪਾ ਨਾਲ ਹੋ। ਥੋਡੀਆਂ ਸਿਆਣਪਾਂ ਨੇ ਈ ਪੰਜਾਬ ਦਾ ਬੇੜਾ ਗ਼ਰਕ ਕੀਤੈ।
ਇਸ ਮਾਮਲੇ ‘ਚ ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਪਹਿਲਾ ਝੂਠ ਇਹ ਹੈ ਕਿ ਖਰਚਾ 55 ਲੱਖ ਨਹੀਂ ਬਲਕਿ 17 ਲੱਖ 60 ਹਜ਼ਾਰ ਦਾ ਖਰਚਾ ਬਣਦਾ ਹੈ। ਇਸ ਤੋਂ ਇਲਾਵਾ ਰੰਧਾਵਾ ਨੇ ਇਹ ਵੀ ਐਲਾਨ ਕੀਤਾ ਕਿ ਉਹ ਭਗਵੰਤ ਮਾਨ ‘ਤੇ ‘ਬਾਏ ਨੇਮ’ ਮਾਣਹਾਨੀ ਦਾ ਕੇਸ ਕਰਨਗੇ, ਫੇਰ ਦੇਖਦੇ ਹਾਂ ਇਹ ਆਪਣੀ ਜੇਬ੍ਹ ‘ਚੋਂ ਪੈਸੇ ਦਿੰਦਾ ਜਾਂ ਸਰਕਾਰ ਦੇ ਜੇਬ੍ਹ ਵਿਚੋਂ।