ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਜਸਕੀਰਤ ਸਿੰਘ ਲਾਲਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਮੁਰਾਦਪੁਰਾ ਤੋਂ ਬੰਦੂਕ ਦੀ ਨੋਕ ‘ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਰ ਵਿਚ ਬੈਠਦਿਆਂ ਹੀ ਲਾਲੇ ਨੇ ਆਪਣੇ ਭਰਾ ਸ਼ੇਰਾ ਨੂੰ ਫ਼ੋਨ ਕਾਲ ਲਗਾਕੇ ਫੋਨ ਹੋਲਡ ‘ਤੇ ਰੱਖ ਦਿੱਤਾ। ਸ਼ਰਾਰਤੀ ਅਨਸਰਾਂ ਦੀ ਫੋਨ ‘ਤੇ ਪੂਰੀ ਗੱਲਬਾਤ ਸੁਣ ਕੇ ਸ਼ੇਰਾ ਲੋਕੇਸ਼ਨ ‘ਤੇ ਪਹੁੰਚ ਗਿਆ। ਬਦਮਾਸ਼ਾਂ ਨੇ ਕਾਰ ਦੀ ਖਿੜਕੀ ਰਾਹੀਂ ਸ਼ੇਰਾ ਨੂੰ ਪਿਸਤੌਲ ਦਿਖਾਈ ਅਤੇ ਜਦੋਂ ਉਹਨਾਂ ਦੀ ਇਹ ਸਕੀਮ ਕੰਮ ਨਾ ਕੀਤੀ ਤਾਂ ਬਦਮਾਸ਼ ਗੱਡੀ ਸਮੇਤ ਲਾਲਾ ਨੂੰ ਸੜਕ ‘ਤੇ ਛੱਡ ਕੇ ਫਰਾਰ ਹੋ ਗਏ। ਗੁੱਸੇ ‘ਚ ਆਏ ਸ਼ੇਰਾ ਨੇ ਅਗਵਾਕਾਰਾਂ ਦੀ ਕਾਰ ਦੀ ਭੰਨ-ਤੋੜ ਵੀ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਜਾਣਕਾਰੀ ਦਿੰਦਿਆਂ ਜਸਕੀਰਤ ਸਿੰਘ ਲਾਲਾ ਨੇ ਦੱਸਿਆ ਕਿ ਉਹ ਪਿੰਡ ਬੱਲ ਖੁਰਦ ਦਾ ਰਹਿਣ ਵਾਲਾ ਹੈ। ਜੱਗੂ ਭਗਵਾਨਪੁਰੀਆ ਨੇ ਪੁਰਾਣੀ ਰੰਜਿਸ਼ ਕਾਰਨ ਮੈਨੂੰ ਮਾਰਨ ਲਈ ਆਪਣੇ ਗੁੰਡੇ ਭੇਜੇ ਹਨ। ਲਾਲਾ ਅਨੁਸਾਰ ਇਸ ਤੋਂ ਪਹਿਲਾਂ ਉਸ ਦੇ ਭਰਾ ਰਾਣਾ ਕੰਦੋਵਾਲੀਆ ਨੂੰ ਵੀ ਜੱਗੂ ਨੇ ਮਰਵਾਇਆ ਸੀ। ਹੁਣ ਉਹ ਉਸ ਨੂੰ ਵੀ ਮਾਰਨਾ ਚਾਹੁੰਦਾ ਹੈ। ਲਾਲਾ ਨੇ ਦੱਸਿਆ ਕਿ ਕਰੇਟਾ ਕਾਰ ‘ਚ ਆਏ ਲੋਕਾਂ ਨੇ ਉਸ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾ ਲਿਆ। ਉਹ ਉਨ੍ਹਾਂ ਦੀ ਗੱਲ ਸੁਣਨ ਗਿਆ ਕਿ ਉਨ੍ਹਾਂ ਨੇ ਪਿਸਤੌਲ ਉਸ ਦੀ ਕਮਰ ‘ਤੇ ਰੱਖ ਦਿੱਤੀ। ਉਸ ਨੂੰ ਕਾਰ ਵਿਚ ਬੈਠਣ ਲਈ ਕਹਿਣ ਲੱਗਾ।
ਲਾਲਾ ਨੇ ਤੁਰੰਤ ਆਪਣੇ ਭਰਾ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਫੋਨ ਲਗਾ ਲਿਆ। ਲਾਲੇ ਨਾਲ ਬਦਮਾਸ਼ਾਂ ਦੀ ਬਹਿਸ ਸੁਣ ਕੇ ਉਸ ਨੂੰ ਟਿਕਾਣੇ ਦਾ ਪਤਾ ਲੱਗਾ। ਕੁਝ ਲੋਕਾਂ ਦੀ ਮਦਦ ਨਾਲ ਉਹ ਗੱਡੀ ਨੂੰ ਟਰੇਸ ਕਰਕੇ ਸੰਗਤਪੁਰਾ ਛਾਉਣੀ ਪਹੁੰਚ ਗਿਆ। ਸ਼ੇਰਾ ਅਨੁਸਾਰ ਉਹ ਬਾਈਕ ‘ਤੇ ਜਾ ਰਿਹਾ ਸੀ। ਉਸ ਨੂੰ ਦੇਖ ਕੇ ਬਦਮਾਸ਼ਾਂ ਨੇ ਕਾਰ ਰੋਕ ਦਿੱਤੀ ਅਤੇ ਖਿੜਕੀ ਰਾਹੀਂ ਹਥਿਆਰ ਦਿਖਾਉਣ ਲੱਗੇ। ਜਦੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਗਿਆ ਤਾਂ ਉਹ ਇੱਕ ਗਲੀ ਵਿੱਚ ਵੜ ਕੇ ਫਰਾਰ ਹੋ ਗਏ। ਲਾਲੇ ਨੂੰ ਬਚਾਉਣ ਲਈ ਉਸ ਨੇ ਇਨ੍ਹਾਂ ਬਦਮਾਸ਼ਾਂ ਦੀ ਕਾਰ ਦੀ ਭੰਨ-ਤੋੜ ਵੀ ਕੀਤੀ। ਉਹ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਉਸ ਨੂੰ ਇਨ੍ਹਾਂ ਗੈਂਗਸਟਰਾਂ ਤੋਂ ਬਚਾਇਆ ਜਾਵੇ।