ਪੰਜਾਬ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਗਏ ‘ਆਪ’ ਐਮ.ਐਲ.ਏ. ਅਮਿਤ ਰਤਨ ਕੋਟਫੱਤਾ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਆ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਿਸ਼ਵਤਖ਼ੋਰੀ ਭਾਂਵੇ ਕਿਸੇ ਨੇ ਵੀ, ਕਿਸੇ ਵੀ ਤਰੀਕੇ ਨਾਲ ਕੀਤੀ ਹੋਵੇ। ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਟਵੀਟ ਕਰਦਿਆਂ ਲਿਖਿਆ..
“ਰਿਸ਼ਵਤਖ਼ੋਰੀ ਭਾਂਵੇ ਕਿਸੇ ਨੇ ਵੀ ..ਕਿਸੇ ਵੀ ਤਰੀਕੇ ਨਾਲ ਕੀਤੀ ਹੋਵੇ …ਬਰਦਾਸ਼ਤ ਨਹੀਂ ਕੀਤੀ ਜਾਵੇਗੀ…ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ,ਪਿਆਰ ਅਤੇ ਉਮੀਦਾਂ ਮੇਰਾ ਹੌਸਲਾ ਬੁਲੰਦ ਰੱਖਦੀਆਂ ਨੇ..ਲੋਕਾਂ ਦੇ ਟੈਕਸ ਦਾ ਪੈਸਾ ਖਾਣ ਵਾਲਿਆਂ ਤੇ ਕੋਈ ਰਹਿਮ ਜਾਂ ਤਰਸ ਨਹੀਂ ..ਕਾਨੂੰਨ ਸਭ ਲਈ ਬਰਾਬਰ..
ਇਥੇ ਦਸ ਦਈਏ ਕਿ ਇਸ ਮੁੱਦੇ ਨੂੰ ਲੈਕੇ ਵਿਰੋਧੀ ਪਾਰਟੀਆਂ ਵਲੋਂ ਵੀ ‘ਆਪ’ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਟਵੀਟ ਸਾਹਮਣੇ ਆਇਆ ਹੈ ਜਿਸ ਵਿਚ ਉਹਨਾਂ ਕਿਹਾ, “Too little, too late.. ਇਸ ਭ੍ਰਿਸ਼ਟ ਵਿਧਾਇਕ ਨੂੰ ਪਿਛਲੇ ਹਫਤੇ ਵੀ.ਬੀ. ਦੇ ਅਧਿਕਾਰੀਆਂ ਵੱਲੋਂ ਰਿਸ਼ਵਤ ਲੈਂਦਿਆਂ ਫੜੇ ਜਾਣ ਤੋਂ ਬਾਅਦ ਹੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ। “ਕੱਟੜ ਬੇਈਮਾਨ ਪਾਰਟੀ” ਨੇ ਉਸਨੂੰ ਹੋਰ ਭ੍ਰਿਸ਼ਟਾਚਾਰੀਆਂ ਜਿਵੇਂ ਵਿਜੇ ਸਿੰਗਲਾ ਅਤੇ ਫੌਜਾ ਸਰਾਰੀ ਵਾਂਗ ਬਰਖਾਸਤ ਨਹੀਂ ਕੀਤਾ ਹੈ। ਅਕਾਲੀ ਦਲ ਇਨ੍ਹਾਂ ਸਾਰਿਆਂ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦੇਣ ਦੀ ਮੰਗ ਕਰਦਾ ਹੈ।
ਦਸਣਯੋਗ ਹੈ ਕਿ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਦਾ ਕਰੀਬੀ ਪਹਿਲਾਂ ਹੀ ਵਿਜੀਲੈਂਸ ਨੇ ਰਿਸ਼ਵਤਖੋਰੀ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਵਿਧਾਇਕ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪਰ ਸਰਪੰਚ ਵਲੋਂ ਵਾਇਰਲ ਕੀਤੀ ਆਡੀਓ ਵਿਚ ਇਹ ਸਾਫ਼ ਪਤਾ ਲੱਗ ਰਿਹਾ ਹੈ ਕਿ ਵਿਧਾਇਕ ਅਮਿਤ ਰਤਨ ਵੀ ਇਸ ਸਾਰੇ ਮਾਮਲੇ ਵਿਚ ਦੋਸ਼ੀ ਸੀ ਤਾਂ ਅੱਜ ਵਿਜੀਲੈਂਸ ਨੇ ਉਹਨਾਂ ਨੂੰ ਰਾਜਪੁਰਾ ਨੇੜਿਓ ਗ੍ਰਿਫ਼ਤਾਰ ਕਰ ਲਿਆ ਗਿਆ ਹੈ।