ਗੰਨ ਕਲਚਰ ਅਤੇ ਅਸਲੇ ਨੂੰ ਪ੍ਰੋਮੋਟ ਕਰਨ ਤੋਂ ਰੋਕਣ ਲਈ ਅਤੇ ਪੰਜਾਬ ਵਿਚੋਂ ਇਸਨੂੰ ਜੜੋਂ ਖ਼ਤਮ ਕਰਨ ਲਈ ਪੰਜਾਬ ਪੁਲਿਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਮਾਨ ਸਰਕਾਰ ਵੱਲੋਂ ਹਥਿਆਰਾਂ ਦੀ ਸਮੀਖਿਆ ਕੀਤੇ ਜਾਣ ਦੇ 9 ਦਿਨਾਂ ਬਾਅਦ ਸੂਬੇ ਵਿਚ ਹੁਣ ਤੱਕ 897 ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ ਜਦਕਿ 324 ਦੇ ਕਰੀਬ ਲਾਇਸੈਂਸ ਸਸਪੈਂਡ ਕੀਤੇ ਗਏ ਹਨ। ਪੁਲਸ ਨੇ ਇਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਜਲਦੀ ਹੀ ਜਵਾਬ ਦੇਣ ਦੇ ਆਦੇਸ਼ ਦਿੱਤੇ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਿਹੜੇ ਲੋਕਾਂ ਦੇ ਲਾਇਸੈਂਸ ਰੱਦ ਜਾਂ ਸਸਪੈਂਡ ਹੋਏ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਨੇ ਹਥਿਆਰ ਲੈਣ ਲਈ ਫਰਜ਼ੀ ਪਤੇ ਲਿਖਵਾਏ ਸਨ। ਕਈ ਅਜਿਹੇ ਵੀ ਹਨ, ਜਿਨ੍ਹਾਂ ਨੇ ਨਿਯਮਾਂ ਵਿਚ ਹੋਏ ਸੋਧ ਤੋਂ ਬਾਅਦ ਆਪਣੇ ਹਥਿਆਰ ਸਰੈਂਡਰ ਨਹੀਂ ਕੀਤੇ ਸਨ। ਹਥਿਆਰਾਂ ਦੇ ਲਾਇਸੈਂਸ ਲਈ ਨਿਯਮ ਬਦਲ ਚੁੱਕੇ ਹਨ। ਇਕ ਲਾਇਸੈਂਸ ਧਾਰਕ ਸਿਰਫ਼ ਦੋ ਹੀ ਹਥਿਆਰ ਰਖ ਸਕਦਾ ਹੈ ਪਰ ਕੁਝ ਲੋਕਾਂ ਨੇ ਅਜੇ ਤੱਕ 3-3 ਹਥਿਆਰ ਰੱਖੇ ਹੋਏ ਹਨ।
ਅਜਿਹੇ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। ਪਟਿਆਲਾ ਵਿਚ 274 ਅਤੇ ਨਵਾਂਸ਼ਹਿਰ ਵਿਚ 50 ਲਾਇਸੈਂਸ ਸਸਪੈਂਡ ਕੀਤੇ ਜਾ ਚੁੱਕੇ ਹਨ। ਸਮੀਖਿਆ ਮੁਹਿੰਮ ਦੀ ਅਗਵਾਈ ਸਾਰੇ ਰੇਂਜ ਦੇ ਆਈ. ਜੀ. ਅਤੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਖ਼ੁਦ ਸੰਭਾਲ ਰਹੇ ਹਨ। ਇਸ ਦੇ ਨਾਲ ਹੀ ਇਸ ਸਬੰਧੀ ਰੋਜ਼ਾਨਾ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ। ਲੋਕਾਂ ਨੂੰ ਵੀ ਜਾਂਚ ਵਿਚ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਡੀ. ਜੀ. ਪੀ. ਗੌਰਵ ਯਾਦਵ ਦਾ ਕਹਿਣਾ ਹੈ ਕਿ ਸਰਕਾਰ ਗੰਨ ਕਲਚਰ ‘ਤੇ ਲਗਾਮ ਲਗਾਉਣ ਲਈ ਸਖ਼ਤ ਹੈ। ਫਰਜ਼ੀ ਪਤਿਆਂ ‘ਤੇ ਲਾਇਸੈਂਸ ਬਣਾਉਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਕਿਸੇ ਵੀ ਕੀਮਤ ‘ਤੇ ਕਿਸੇ ਨੂੰ ਵੀ ਨਿਯਮ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।