ਭਾਖੜਾ ਬਿਆਸ ਡੈਮ ਪ੍ਰਬੰਧਨ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਪਾਣੀ ਨਾ ਛੱਡਣ ਦੇ ਫੈਸਲੇ ਤੋਂ ਬਾਅਦ ਸੂਬੇ ਵਿੱਚ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਹੜ੍ਹ ਕਾਰਨ 14 ਜ਼ਿਲ੍ਹਿਆਂ ਦੇ ਲਗਭਗ 1058 ਪਿੰਡ ਪ੍ਰਭਾਵਿਤ ਹਨ। ਹੁਣ ਸੰਗਰੂਰ ਵਿੱਚ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਸੰਗਰੂਰ-ਦਿੱਲੀ ਹਾਈਵੇਅ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।
ਹਲਕਾ ਲਹਿਰਾ ਦੇ ਖਨੌਰੀ ਅਤੇ ਮੂਨਕ ਖੇਤਰਾਂ ਵਿੱਚੋਂ ਲੰਘਦੀ ਘੱਗਰ ਦਰਿਆ ਵਿੱਚ ਤਿੰਨ ਥਾਵਾਂ ਮੰਡਵੀ, ਫੁਲੜ ਅਤੇ ਮਕੋਰੜ ਸਾਹਿਬ ਵਿਖੇ ਪਾੜ ਪੈ ਗਿਆ ਹੈ। ਜਿਸ ਕਾਰਨ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ ਅਤੇ ਹਜ਼ਾਰਾਂ ਏਕੜ ਖੜ੍ਹੀ ਫਸਲ ਤਬਾਹ ਹੋ ਗਈ ਹੈ।
ਦਸ ਦਈਏ ਕਿ ਪੰਜਾਬ ਵਿਚ ਹੁਣ ਘੱਗਰ ਤੇ ਸਤਲੁਜ ਦੇ ਪਾਣੀ ਨੇ ਸਰਹੱਦੀ ਪੱਟੀ ਅਤੇ ਸੰਗਰੂਰ ਜ਼ਿਲ੍ਹੇ ਨੂੰ ਲਪੇਟ ਵਿਚ ਲੈ ਲਿਆ ਹੈ। ਦੋਵੇਂ ਦਰਿਆਵਾਂ ਦੇ ਪਾਣੀਆਂ ਨਾਲ ਤਬਾਹੀ ਰੁਕ ਨਹੀਂ ਰਹੀ ਹੈ। ਮੂਨਕ ਅਤੇ ਖਨੌਰੀ ਦੇ ਪਿੰਡਾਂ ਵਿਚ ਪਾਣੀ ਦਾਖ਼ਲ ਹੋਣ ਕਾਰਨ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ।