ਬੀਤੇ ਲੰਮੇ ਸਮੇਂ ਤੋਂ ਪੰਜਾਬ ਸੂਬੇ ‘ਚ ਘਾਤਕ ਸਾਬਿਤ ਹੋਈ ਚਾਈਨਾ ਡੋਰ ਨਾਲ ਅਨੇਕਾਂ ਘਟਨਾਵਾਂ ਵਾਪਰਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਹ ਚਾਈਨਾ ਡੋਰ ਨਾ ਸਿਰਫ਼ ਇਕ ਵਿਅਕਤੀ ਨੂੰ ਜ਼ਖ਼ਮੀ ਕਰਦੀ ਹੈ ਬਲਕਿ ਪਸ਼ੂ-ਪੰਛੀ ਵੀ ਇਸਦੀ ਲਪੇਟ ਵਿਚ ਆਕੇ ਜ਼ਖ਼ਮੀ ਹੋ ਜਾਂਦੇ ਹਨ। ਜਿਸ ਤੋਂ ਬਾਅਦ ਇਹਨਾਂ ਵਾਪਰਦੀਆਂ ਦੁਰਘਟਨਾਵਾਂ ਨੂੰ ਦੇਖਦਿਆਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਾਬੰਦੀ ਦੇ ਜਾਰੀ ਹੁਕਮਾਂ ਨੂੰ ਹੋਰ ਪ੍ਰਭਾਵਸ਼ਾਲੀ ਤੇ ਸਖਤੀ ਨਾਲ ਲਾਗੂ ਕਰਨ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਚਾਈਨਾ ਡੋਰ ਦੀ ਵਰਤੋਂ ’ਤੇ ਸਜ਼ਾਯਾਫ਼ਤਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸਰਕਾਰ ਵੱਲੋਂ ਫਿਰੋਜ਼ਪੁਰ ਵਿਖੇ ਚਾਈਨਾ ਡੋਰ ਨਾਲ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਇਸ ਸਬੰਧੀ ਸਾਇੰਸ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਵੱਲੋਂ ਅੱਜ ਬਾਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਚਾਈਨਾ ਡੋਰ ਨਾਲ ਵਾਪਰਦੀਆਂ ਘਟਨਾਵਾਂ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਇਸ ਦੀ ਪੂਰਨ ਪਾਬੰਦੀ ਦੇ ਹੁਕਮ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵਾਤਾਵਰਣ ਮੰਤਰੀ ਨੇ ਦੱਸਿਆ ਕਿ ਚਾਈਨਾ ਡੋਰ ਦੀ ਪਾਬੰਦੀ ਸੰਬੰਧੀ ਸੂਬਾ ਸਰਕਾਰ ਵੱਲੋਂ 23 ਫਰਵਰੀ 2018 ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕੁਝ ਕਮੀਆਂ ਸਨ। ਹੁਣ ਨਵੇਂ ਜਾਰੀ ਹੁਕਮਾਂ ਵਿੱਚ ਇਨਾਂ ਕਮੀਆਂ ਨੂੰ ਦੂਰ ਕੀਤਾ ਗਿਆ ਹੈ। ਨਵੇਂ ਹੁਕਮਾਂ ਤਹਿਤ ਚਾਈਨਾ ਡੋਰ, ਕੰਚ ਜਾਂ ਹੋਰ ਧਾਤੂ ਦੇ ਪਾਊਡਰ ਨਾਲ ਬਣੀ ਡੋਰ ਉਪਰ ਪੂਰਨ ਪਾਬੰਦੀ ਲਗਾਉਂਦੇ ਹੋਏ ਸਿਰਫ ਸੂਤੀ ਧਾਗੇ ਨਾਲ ਪਤੰਗ ਉਡਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਨਵੀਂ ਅਧਿਸੂਚਨਾ ਨੂੰ ਲਾਗੂ ਕਰਨ ਅਤੇ ਦੋਸੀ ਖਿਲਾਫ ਕਾਰਵਾਈ ਕਰਨ ਲਈ ਸਪਸ਼ਟ ਅਧਿਕਾਰ ਦਿੱਤੇ ਗਏ ਹਨ। ਚਾਈਨਾ ਡੋਰ ਦੀ ਪੂਰਨ ਪਾਬੰਦੀ ਸਬੰਧੀ ਇਨਵਾਰਨਮੈਂਟ (ਪ੍ਰੋਟੈਕਸ਼ਨ) ਐਕਟ, 1986 ਦੀ ਧਾਰਾ 5 ਅਧੀਨ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਨਾਂ ਦੀ ਉਲੰਘਣਾ ਲਈ 5 ਸਾਲ ਤੱਕ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਤੱਕ ਜੁਰਮਾਨਾ ਜਾਂ ਦੋਵੇ ਹੋ ਸਕਦੇ ਹਨ।
ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਕਾਰਜਕਾਰੀ ਮੈਜਿਸਟ੍ਰੇਟ, ਮਾਲ ਮਹਿਕਮੇ ਦੇ ਤਹਿਸੀਲਦਾਰ ਅਤੇ ਉੱਚ ਅਧਿਕਾਰੀ, ਵਣ ਵਿਭਾਗ ਦੇ ਜੰਗਲੀ ਜੀਵ ਇੰਸਪੈਕਟਰ ਅਤੇ ਉੱਚ ਅਧਿਕਾਰੀ, ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਅਤੇ ਉੱਚ ਅਧਿਕਾਰੀ, ਸਥਾਨਕ ਸਰਕਾਰਾਂ ਦੇ ਦਰਜਾ ਸੀ ਕਰਮਚਾਰੀ ਅਤੇ ਉੱਚ ਅਧਿਕਾਰੀ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਉੱਚ ਅਧਿਕਾਰੀਆਂ ਨੂੰ ਉਕਤ ਹਦਾਇਤਾਂ ਨੂੰ ਸੂਬੇ ਵਿੱਚ ਲਾਗੂ ਕਰਨ ਲਈ ਅਧਿਕਾਰ ਦਿੱਤੇ ਗਏ ਹਨ। ਉਨਾਂ ਅੱਗੇ ਦੱਸਿਆ ਕਿ ਸਬੰਧਤ ਮਹਿਕਮਿਆਂ ਨੂੰ ਪਾਬੰਦੀ ਸਬੰਧੀ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਬਹੁਮੁਲੀਆਂ ਮਨੁੱਖੀ ਜਾਨਾਂ ਨੂੰ ਬਚਾਉਣ ਦੇ ਨਾਲ-ਨਾਲ ਪਸ਼ੁ, ਪੰਛੀਆਂ ਆਦਿ ਦੀ ਰੱਖਿਆ ਵੀ ਯਕੀਨੀ ਬਨਾਈ ਜਾ ਸਕੇ।
ਵਾਤਾਵਰਣ ਮੰਤਰੀ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਪਤੰਗ ਉਡਾਉਣ ਲਈ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਨਾਲ ਹੀ ਦੁਕਾਨਦਾਰ ਅਤੇ ਆਨਲਾਈਨ ਸਟੋਰ ਇਸ ਨੂੰ ਵੇਚਣ ਤੋਂ ਗੁਰੇਜ਼ ਕਰਨ।