ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ ਅਤੇ ਸਾਰੀਆਂ 250 ਸੀਟਾਂ ਵਿੱਚੋਂ 241 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਵਿੱਚੋਂ ਆਮ ਆਦਮੀ ਪਾਰਟੀ ਨੇ 131 ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ ਭਾਜਪਾ ਨੂੰ 100 ਸੀਟਾਂ ‘ਤੇ, ਕਾਂਗਰਸ ਨੂੰ 7 ਤੇ ਹੋਰਨਾਂ ਨੂੰ 3 ਸੀਟਾਂ ‘ਤੇ ਸਫਲਤਾ ਮਿਲੀ ਹੈ। ਫਿਲਹਾਲ 9 ਸੀਟਾਂ ਲਈ ਗਿਣਤੀ ਚੱਲ ਰਹੀ ਹੈ।
ਅਹਿਮ ਗੱਲ ਹੈ ਕਿ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 42.17 ਫੀਸਦੀ ਵੋਟਾਂ ਮਿਲੀਆਂ ਹਨ। ਇਸ ਤੋਂ ਤੈਅ ਹੈ ਕਿ ਪਾਰਟੀ ਦਾ ਦਿੱਲੀ ਵਿੱਚ ਜਾਦੂ ਬਰਕਰਾਰ ਹੈ ਅਤੇ ਇਹ ਸਾਬਿਤ ਕਰਦਾ ਹੈ ਕਿ ਦਿੱਲੀ ਦੇ ਵਿਚ ਕਮਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਦਿੱਲੀ ਨਗਰ ਨਿਗਮ ਚੋਣਾਂ ’ਚ ‘ਆਪ’ ਦਾ ਝਾੜੂ ਚੱਲ ਗਿਆ ਹੈ। ਦੂਜੇ ਪਾਸੇ ਭਾਜਪਾ ਨੂੰ ਹੁਣ ਤੱਕ 38.99 ਫੀਸਦੀ ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਉਮੀਦਵਾਰਾਂ ਨੂੰ ਮਿਲ ਕੇ 11.65 ਫੀਸਦੀ ਵੋਟਾਂ ਮਿਲੀਆਂ।
ਦਸ ਦਈਏ ਕਿ ਦਿੱਲੀ ਨਗਰ ਨਿਗਮ ਚੋਣਾਂ ਦੇ ਲਈ ਹੋਈ ਵੋਟਿੰਗ ਤੋਂ ਬਾਅਦ ਅੱਜ ਨਤੀਜਿਆਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਤਾਜ਼ਾ ਅੰਕੜਿਆਂ ‘ਚ ਆਮ ਆਦਮੀ ਪਾਰਟੀ ਬਹੁਮਤ ਦੇ ਅੰਕੜੇ ‘ਤੇ ਪਹੁੰਚ ਗਈ ਹੈ। ਪੀਟੀਆਈ ਦੇ ਮੁਤਾਬਕ ਆਮ ਆਦਮੀ ਪਾਰਟੀ ਨੇ ਹੁਣ ਤੱਕ 126 ਵਾਰਡ ਜਿੱਤੇ ਹਨ, ਬਹੁਮਤ ਦਾ ਅੰਕੜਾ ਵੀ 126 ਹੈ। ਭਾਰਤੀ ਜਨਤਾ ਪਾਰਟੀ ਨੇ ਹੁਣ ਤੱਕ 97 ਵਾਰਡਾਂ ‘ਤੇ ਜਿੱਤ ਹਾਸਲ ਕੀਤੀ ਹੈ, ਕਾਂਗਰਸ ਸਿਰਫ 7 ਵਾਰਡਾਂ ‘ਚ ਹੀ ਜਿੱਤ ਹਾਸਲ ਕਰ ਸਕੀ ਹੈ, ਜਦਕਿ 2 ਵਾਰਡਾਂ ‘ਚ ਆਜ਼ਾਦ ਉਮੀਦਵਾਰ ਜਿੱਤੇ ਹਨ।