ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਮਹਿੰਗਾ ਪੈਂਦਾ ਹੋਇਆ ਵਿਖਾਈ ਦੇ ਰਿਹਾ ਹੈ। ਜਲੰਧਰ ਜ਼ਿਮਣੀ ਚੋਣ ਦੀ ਵੋਟਿੰਗ ਦਰਮਿਆਨ ਜਲੰਧਰ ਤੋਂ ਬਾਹਰਲੇ ਹਲਕਿਆਂ ਦੇ ‘ਆਪ’ ਆਗੂ ਅਤੇ ਵਿਧਾਇਕ ਜਲੰਧਰ ‘ਚ ਘੁੰਮਦੇ ਅਤੇ ਬੂਥਾਂ ‘ਤੇ ਬੈਠੇ ਵਿਖਾਈ ਦਿੱਤੇ ਹਨ। ਜਿਸ ਤੋਂ ਬਾਅਦ ਵਿਰੋਧੀਆਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਝੜਪ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਹੁਣ ਕਾਂਗਰਸੀ ਉਮੀਦਵਾਰ ਦੇ ਪੋਲਿੰਗ ਏਜੰਟ ਸੋਮ ਪ੍ਰਕਾਸ਼ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ਼ ਕਰਵਾਈ ਹੈ। ਸੋਮ ਪ੍ਰਕਾਸ਼ ਨੇ ਭਾਰਤੀ ਚੋਣ ਕਮਿਸ਼ਨਰ ਨੂੰ ਦਰਜ਼ ਕਰਵਾਈ ਸ਼ਿਕਾਇਤ ਵਿੱਚ ਜਲੰਧਰ ਵਿਧਾਨਸਭਾ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਚੋਣ ਜਾਬਤੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਹੈ।
ਦਸਣਯੋਗ ਹੈ ਕਿ ਸ਼ਾਹਕੋਟ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰਾਂ ਵਿੱਚ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੋਸ਼ ਲਾਇਆ ਕਿ ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਵੀਰ ਸਿੰਘ ਟੌਂਗ ਜਲੰਧਰ ਵਿੱਚ ਘੁੰਮ ਰਹੇ ਹਨ ਤੇ ਲੋਕਾਂ ਨੂੰ ਧਮਕਾ ਰਹੇ ਹਨ। ਦੂਜੇ ਪਾਸੇ ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਰਕਰਾਂ ਨੇ ਹੀ ਧੱਕੇਸ਼ਾਹੀ ਕੀਤੀ ਹੈ ਅਤੇ ਉੱਥੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਵਿਧਾਇਕ ਨੂੰ ਬਾਹਰ ਕੱਢਿਆ ਅਤੇ ਹੁਣ ਥਾਣੇ ਲੈ ਗਈ ਹੈ।
ਦੱਸ ਦਈਏ ਕਿ ਜਲੰਧਰ ਲੋਕ ਸਭਾ ਸੀਟ ਲਈ ਵੋਟਿੰਗ ਜਾਰੀ ਹੈ। ਨੌਂ ਵਿਧਾਨ ਸਭਾ ਹਲਕਿਆਂ ਦੇ ਵੋਟਰ 1972 ਕੇਂਦਰਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 6.30 ਵਜੇ ਤੱਕ ਆਪਣੀ ਵੋਟ ਪਾਉਣਗੇ। ਸਵੇਰੇ 1 ਵਜੇ ਤੱਕ ਸਿਰਫ 30.93 ਫ਼ੀਸਦ ਵੋਟਿੰਗ ਹੋਈ ਹੈ।