ਚੰਡੀਗੜ੍ਹ ‘ਚ ਬੁੱਧਵਾਰ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਕਰੀਬ 84 ਐਮਐਮ ਮੀਂਹ ਦਰਜ ਕੀਤਾ ਗਿਆ। ਸਵੇਰੇ 8:30 ਵਜੇ ਤੋਂ ਦੁਪਹਿਰ 1:00 ਵਜੇ ਤੱਕ 19 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਮੀਂਹ ਕਾਰਨ ਕਈ ਥਾਵਾਂ ’ਤੇ ਪਾਣੀ ਭਰਨ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ। ਚੰਡੀਗੜ੍ਹ ‘ਚ ਅੱਜ ਸਵੇਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਵਧ ਗਿਆ ਹੈ। ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹ ਦਿੱਤਾ ਹੈ। ਇਸ ਦੌਰਾਨ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਵੀ ਮੱਖਣ ਮਾਜਰਾ ਪੁਲ, ਬਾਪੂਧਾਮ ਅਤੇ ਕਿਸ਼ਨਗੜ੍ਹ ਪੁਲ ਦੇ ਪਿੱਛੇ ਬਣੇ ਪੁਲ ’ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਸੈਕਟਰ 26 ਦੀ ਪੁਲਿਸ ਲਾਈਨ ਦੇ ਬਿਲਕੁਲ ਸਾਹਮਣੇ ਸੜਕ ’ਤੇ ਇੱਕ ਦਰੱਖਤ ਡਿੱਗ ਗਿਆ ਹੈ। ਇਸ ਕਾਰਨ ਇੱਕ ਤਰਫਾ ਆਵਾਜਾਈ ਵਿੱਚ ਵਿਘਨ ਪੈ ਗਿਆ ਹੈ। ਖੁਸ਼ਕਿਸਮਤੀ ਨਾਲ ਦਰੱਖਤ ਡਿੱਗਣ ਸਮੇਂ ਉਥੇ ਕੋਈ ਮੌਜੂਦ ਨਹੀਂ ਸੀ। ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਸੀਟੀਯੂ ਵਰਕਸ਼ਾਪ ਨੇੜੇ ਰੇਲਵੇ ਅੰਡਰ ਬ੍ਰਿਜ ਇੰਡਸਟਰੀਅਲ ਏਰੀਆ ਫੇਜ਼ 1 ਵਿੱਚ ਪਾਣੀ ਭਰ ਜਾਣ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਸੰਤ ਕਬੀਰ ਲਾਈਟ ਪੁਆਇੰਟ ਤੋਂ ਕਿਸ਼ਨਗੜ੍ਹ ਮੋੜ ਵੱਲ ਪਾਣੀ ਭਰਿਆ ਹੋਇਆ ਹੈ। ਸੈਕਟਰ-43 ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਪਾਣੀ ਭਰਿਆ ਹੋਇਆ ਹੈ। ਮੱਖਣ ਮਾਜਰਾ ਪੁਲ ਰਾਏਪੁਰ ਖੁਰਦ ਨੂੰ ਜਾਂਦੀ ਸੜਕ ਪਾਣੀ ਭਰ ਜਾਣ ਕਾਰਨ ਬੰਦ ਹੈ। ਬਾਪੂਧਾਮ ਕਲੋਨੀ ਤੋਂ ਪੁਲਿਸ ਲਾਈਨ ਵੱਲ ਜਾਂਦੇ ਰਸਤੇ ‘ਤੇ ਸ਼ਾਸਤਰੀ ਨਗਰ ਪੁਲ ਅਤੇ ਕਿਸ਼ਨਗੜ੍ਹ ਵੱਲ ਸੁਖਨਾ ਚੋਅ ‘ਤੇ ਬਣੇ ਪੁਲ ‘ਤੇ ਨਾ ਆਉਣ ਦੀ ਵੀ ਸਲਾਹ ਦਿੱਤੀ ਗਈ ਹੈ।
ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪਾਣੀ ਭਰਨ ਕਾਰਨ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਕਾਸ ਮਾਰਗ ‘ਤੇ ਜੰਕਸ਼ਨ ਨੰਬਰ 57, ਸੈਕਟਰ 41-42 ਅਤੇ 53-54 ‘ਤੇ ਪਾਣੀ ਭਰਿਆ ਹੋਇਆ ਹੈ। ਇਸ ਤੋਂ ਇਲਾਵਾ ਜੰਕਸ਼ਨ ਨੰਬਰ 55, ਸੈਕਟਰ 39-40 ਅਤੇ 55-56 ‘ਤੇ ਵੀ ਆਵਾਜਾਈ ਵਿੱਚ ਵਿਘਨ ਪਿਆ ਹੈ। ਸੈਂਟਰਾ ਮਾਲ ਤੋਂ ਕੇਬਲ ਫੈਕਟਰੀ ਤੱਕ ਸੜਕ ਪਾਣੀ ਨਾਲ ਭਰੀ ਹੋਈ ਹੈ। ਪੁਲਿਸ ਨੇ ਲੋਕਾਂ ਨੂੰ ਇਸ ਰਸਤੇ ‘ਤੇ ਨਾ ਆਉਣ ਦੀ ਸਲਾਹ ਦਿੱਤੀ ਹੈ।