ਬੀਜੇਪੀ ਆਗੂ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਆਪਣੇ ਬਿਆਨ ਕਾਰਨ ਬੁਰੀ ਤਰ੍ਹਾਂ ਫਸ ਗਈ ਹੈ। ਦਰਅਸਲ, ਸਾਂਸਦ ਕਿਰਨ ਖੇਰ ਚੰਡੀਗੜ੍ਹ ਵਿਖੇ ਰਾਮਦਰਬਾਰ ਸਥਿਤ ਨਵੇਂ ਬਣੇ ਕੰਮਿਊਨਿਟੀ ਸੈਂਟਰ ਦੇ ਉਦਘਾਟਨ ਸਮਾਰੋਹ ਵਿਚ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੱਲੋਮਾਜਰਾ ਦੇ ਦੀਪ ਕੰਪਲੈਕਸ ਨੂੰ ਜਾਣ ਵਾਲੀ ਪੂਰੀ ਸੜਕ ਬਣਵਾਈ, ਜਿੱਥੇ ਪਾਣੀ ਭਰ ਜਾਂਦਾ ਸੀ। ਹੁਣ ਜੇਕਰ ਦੀਪ ਕੰਪਲੈਕਸ ਦਾ ਇੱਕ ਵੀ ਬੰਦਾ ਮੈਨੂੰ ਵੋਟ ਨਾ ਪਾਵੇ ਤਾਂ ਇਹ ਬਹੁਤ ਵੱਡੀ ਲਾਹਨਤ ਦੀ ਗੱਲ ਹੈ। ਉਨ੍ਹਾਂ ਨੂੰ ਜਾ ਕੇ ਛਿੱਤਰ ਫੇਰਨੇ ਚਾਹੀਦੇ ਹਨ। ਮੈਂ ਇੰਨੇ ਪੈਸੇ ਦੇ ਕੇ ਉਨ੍ਹਾਂ ਦਾ ਕੰਮ ਕੀਤਾ ਹੈ। ਹਾਲਾਂਕਿ, ਉਸ ਸਮੇਂ ਤਾਂ ਇਸ ਬਿਆਨ ਤੋਂ ਬਾਅਦ ਮੌਜੂਦ ਲੋਕ ਹੱਸਣ ਲੱਗ ਪਏ ਪਰ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਵਿਰੋਧੀਆਂ ਵਲੋਂ ਕਿਰਨ ਖੇਰ ਦੀ ਨਿੰਦਾ ਕੀਤੀ ਜਾ ਰਹੀ ਹੈ।
ਇਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ‘ਆਪ’ ਦੇ ਚੰਡੀਗੜ੍ਹ ਪ੍ਰਧਾਨ ਪ੍ਰਦੀਪ ਛਾਬੜਾ ਦੇ ਨਾਲ-ਨਾਲ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੁਬੇ ਨੇ ਸੰਸਦ ਮੈਂਬਰ ਕਿਰਨ ਖੇਰ ਨੂੰ ਚੰਡੀਗੜ੍ਹ ਦੇ ਨਾਗਰਿਕਾਂ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ‘ਤੇ ਸ਼ਹਿਰ ਵਾਸੀਆਂ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਹੈ।