ਚੰਡੀਗੜ੍ਹ ‘ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੋ ਗਈ। ਇਸ ਦੌਰਾਨ ਖ਼ਬਰ ਮਿਲਣ ਮਗਰੋਂ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਪੁਲਸ ਨੂੰ ਇਕ ਕਾਲ ਆਈ ਸੀ, ਜਿਸ ‘ਚ ਕਿਹਾ ਗਿਆ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਬੰਬ ਰੱਖਿਆ ਗਿਆ ਹੈ। ਇਸ ਤੋਂ ਬਾਅਦ ਪੁਲਸ ਤੁਰੰਤ ਉੱਥੇ ਪਹੁੰਚੀ। ਪੁਲਸ ਵੱਲੋਂ ਪੂਰੇ ਕੰਪਲੈਕਸ ਨੂੰ ਖ਼ਾਲੀ ਕਰਕੇ ਸੀਲ ਕਰ ਦਿੱਤਾ ਗਿਆ ਹੈ। ਸਾਰੇ ਵਕੀਲਾਂ ਨੂੰ ਵੀ ਬਾਹਰ ਰਹਿਣ ਨੂੰ ਕਿਹਾ ਗਿਆ ਹੈ।
ਇਸ ਤੋਂ ਬਾਅਦ ਆਪਰੇਸ਼ਨ ਸੈੱਲ ਦੇ ਕਮਾਂਡੋ, ਡਾਗ ਸਕੁਆਇਡ, ਬੰਬ ਡਿਸਪੋਜ਼ਲ ਟੀਮ ਅਤੇ ਰਿਜ਼ਰਵ ਫੋਰਸ ਅਦਾਲਤ ਪਹੁੰਚੀ ਹੈ। ਸਰਚ ਮੁਹਿੰਮ ਚਲਾ ਕੇ ਬੰਬ ਨੂੰ ਲੱਭਿਆ ਜਾ ਰਿਹਾ ਹੈ। ਸੈਕਟਰ-43 ‘ਚ ਜਿਸ ਥਾਂ ‘ਤੇ ਪੁਲਸ ਦੀ ਸਰਚ ਮੁਹਿੰਮ ਚੱਲ ਰਹੀ ਹੈ, ਉਸ ਤੋਂ ਥੋੜ੍ਹੀ ਦੂਰ ਹੀ ਚੰਡੀਗੜ੍ਹ ਦਾ ਬੱਸ ਅੱਡਾ ਵੀ ਹੈ। ਉੱਥੇ ਵੀ ਪੁਲਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਦਰਅਸਲ ਚੰਡੀਗੜ੍ਹ ਪੁਲਿਸ 26 ਜਨਵਰੀ ਨੂੰ ਲਾਪ੍ਰਵਾਹੀ ਨਹੀਂ ਵਰਤਣਾ ਚਾਹੁੰਦੀ। ਪੰਜਾਬ ਵਿੱਚ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਵੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਕਾਰਨ ਅੱਜ ਸੈਕਟਰ 43 ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਮੌਕ ਡਰਿਲ ਕਰਵਾਈ ਗਈ। ਇੱਥੇ ਬੰਬ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਕਮਾਂਡੋ, ਡੌਗ ਸਕੁਐਡ, ਬੰਬ ਡਿਸਪੋਜ਼ਲ ਟੀਮ ਤੇ ਆਪਰੇਸ਼ਨ ਸੈੱਲ ਦੀ ਰਿਜ਼ਰਵ ਫੋਰਸ ਇੱਥੇ ਅਦਾਲਤ ਵਿੱਚ ਪਹੁੰਚ ਗਈ ਹੈ।ਇੱਥੇ ਅਦਾਲਤੀ ਅਮਲੇ ਤੇ ਚੈਂਬਰਾਂ ਵਿੱਚੋਂ ਵਕੀਲਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਚੈਕਿੰਗ ਮੁਹਿੰਮ ਜਾਰੀ ਹੈ। ਬੰਬ ਲਗਾਉਣ ਤੇ ਉਸ ਨੂੰ ਲੱਭਣ ਦੀ ਸਥਿਤੀ ਪੈਦਾ ਕੀਤੀ ਗਈ। ਸੈਕਟਰ 36 ਥਾਣੇ ਦੀ ਫੋਰਸ ਵੀ ਇੱਥੇ ਪੁੱਜ ਗਈ ਹੈ।
ਦੱਸ ਦਈਏ ਕਿ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ 43 ਸਥਿਤ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ “ਬੰਬ ” ਬਾਰੇ ਇੱਕ ਵਿਅਕਤੀ ਵੱਲੋਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਸੀ , ਇਸ ਤੋਂ ਬਾਅਦ ਇੱਕ ਜਾਂਚ ਸ਼ੁਰੂ ਕਰ ਦਿੱਤੀ ਗਈ। ਸੂਤਰਾਂ ਦੇ ਮੁਤਾਬਕ ਇੱਕ ਅਣਪਛਾਤੇ ਵਿਅਕਤੀ ਵੱਲੋਂ ਹਰਿਆਣਾ ਪੁਲਿਸ ਕੰਟਰੋਲ ਰੂਮ ‘ਤੇ ਕਾਲ ਕੀਤੀ ਗਈ, ਜਿੱਥੋਂ ਸਵੇਰੇ ਕਰੀਬ 10.30 ਵਜੇ ਚੰਡੀਗੜ੍ਹ ਸਥਿਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ।