ਜੈਪੁਰ ਤੋਂ ਮੁੰਬਈ ਆ ਰਹੀ ਟਰੇਨ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਟਰੇਨ ਦੀ ਬੀ5 ਬੋਗੀ ‘ਚ ਗੋਲੀਆਂ ਚਲਾਈਆਂ ਗਈਆਂ ਹਨ। ਟਰੇਨ ‘ਚ ਗੋਲੀਬਾਰੀ ਦੀ ਇਸ ਘਟਨਾ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੇਨ ‘ਚ ਗੋਲੀਬਾਰੀ ਦੀ ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ ਅਤੇ ਗੋਲੀ ਚਲਾਉਣ ਵਾਲਾ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਸਿਪਾਹੀ ਦੱਸਿਆ ਜਾ ਰਿਹਾ ਹੈ। ਗੋਲੀ ਚਲਾਉਣ ਵਾਲੇ ਆਰਪੀਐਫ ਕਾਂਸਟੇਬਲ ਚੇਤਨ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਪੱਛਮੀ ਰੇਲਵੇ ਨੇ ਕਿਹਾ ਕਿ ਪਾਲਘਰ ਸਟੇਸ਼ਨ ਨੂੰ ਪਾਰ ਕਰਨ ਤੋਂ ਬਾਅਦ, ਇੱਕ ਆਰਪੀਐਫ ਕਾਂਸਟੇਬਲ ਨੇ ਚੱਲਦੀ ਜੈਪੁਰ ਐਕਸਪ੍ਰੈਸ ਟਰੇਨ ਦੇ ਅੰਦਰ ਗੋਲੀਬਾਰੀ ਕੀਤੀ। ਆਰਪੀਐਫ ਦੇ ਏਐਸਆਈ ਅਤੇ ਤਿੰਨ ਹੋਰ ਯਾਤਰੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਆਰਪੀਐਫ ਕਾਂਸਟੇਬਲ ਚੇਤਨ ਸਿੰਘ ਨੇ ਦਹਿਸਰ ਸਟੇਸ਼ਨ ਦੇ ਕੋਲ ਟਰੇਨ ਤੋਂ ਛਾਲ ਮਾਰ ਦਿੱਤੀ। ਮੁਲਜ਼ਮ ਕਾਂਸਟੇਬਲ ਨੂੰ ਹਥਿਆਰਾਂ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਜਵਾਨ ਨੇ ਆਪਣੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਹੋਰ ਆਰਪੀਐਫ ਜਵਾਨ ਅਤੇ ਟਰੇਨ ਵਿੱਚ ਸਵਾਰ ਤਿੰਨ ਯਾਤਰੀਆਂ ਦੀ ਮੌਤ ਹੋ ਗਈ। ਇਹ ਟਰੇਨ ਜੈਪੁਰ ਤੋਂ ਮੁੰਬਈ ਆ ਰਹੀ ਸੀ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਤੋਂ ਪਾਲਘਰ ਦੀ ਦੂਰੀ ਲਗਭਗ 100 ਕਿਲੋਮੀਟਰ ਹੈ। ਅਧਿਕਾਰੀ ਅਨੁਸਾਰ ਚੇਤਨ ਨੇ ਚੱਲਦੀ ਰੇਲਗੱਡੀ ਵਿੱਚ ਆਪਣੀ ਐਸਕਾਰਟ ਡਿਊਟੀ ਇੰਚਾਰਜ ਏਐਸਆਈ ਟੀਕਾ ਰਾਮ ਮੀਨਾ ਨੂੰ ਗੋਲੀ ਮਾਰ ਦਿੱਤੀ। ਉਸ ਨੇ ਦੱਸਿਆ ਕਿ ਆਪਣੇ ਸੀਨੀਅਰ ਨੂੰ ਗੋਲੀ ਮਾਰਨ ਤੋਂ ਬਾਅਦ ਕਾਂਸਟੇਬਲ ਦੂਜੀ ਬੋਗੀ ਵਿੱਚ ਗਿਆ ਅਤੇ ਤਿੰਨ ਹੋਰ ਸਵਾਰੀਆਂ ਨੂੰ ਗੋਲੀ ਮਾਰ ਦਿੱਤੀ।
ਅਧਿਕਾਰੀ ਮੁਤਾਬਕ ਦੋਸ਼ੀ ਨੇ ਮੀਰਾ ਰੋਡ ਅਤੇ ਦਹਿਸਰ ਦੇ ਵਿਚਕਾਰ ਟਰੇਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦੇ ਜਵਾਨਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਕੋਲੋਂ ਹਥਿਆਰ ਵੀ ਬਰਾਮਦ ਕਰ ਲਏ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਬੋਰੀਵਲੀ ਰੇਲਵੇ ਸਟੇਸ਼ਨ ‘ਤੇ ਟਰੇਨ ‘ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਰਪੀਐਫ ਜਵਾਨ ਫਿਲਹਾਲ ਮੀਰਾ ਰੋਡ ਰੇਲਵੇ ਪੁਲਿਸ ਦੀ ਹਿਰਾਸਤ ਵਿੱਚ ਹੈ।