6 ਦਸੰਬਰ ਨੂੰ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਇਕ ਪਿੰਡ ‘ਚ ਬੋਰਵੈੱਲ ‘ਚ ਡਿੱਗਣ ਵਾਲੇ ਇੱਕ 8 ਸਾਲਾ ਲੜਕੇ ਨੂੰ ਜਦੋਂ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ ਤਾਂ ਉਸਦੀ ਮੌਤ ਹੋ ਗਈ। ਇਹ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝੀ ਕੀਤੀ ਹੈ। ਕਰੀਬ 40 ਫੁੱਟ ਦੀ ਡੂੰਘਾਈ ਵਾਲੇ ਬੋਰਵੈੱਲ ‘ਚ ਫਸਣ ਨਾਲ 8 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਤਨਮਯ ਮੰਗਲਵਾਰ ਸ਼ਾਮ ਮੰਡਾਵੀ ਪਿੰਡ ‘ਚ ਬੋਰਵੈੱਲ ‘ਚ ਡਿੱਗ ਗਿਆ ਸੀ। ਬਚਾਅ ਮੁਹਿੰਮ ‘ਚ ਸ਼ਾਮਲ ਰਾਜ ਹੋਮਗਾਰਡ ਕਮਾਂਡੈਂਟ ਐੱਸ.ਆਰ. ਆਜਮੀ ਨੇ ਕਿਹਾ,”ਮੁੰਡੇ ਨੂੰ ਸ਼ਨੀਵਾਰ ਸਵੇਰੇ ਕਰੀਬ 5 ਵਜੇ ਬਚਾਇਆ ਗਿਆ। ਹਾਲਾਂਕਿ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।”
ਮੰਗਲਵਾਰ ਸ਼ਾਮ ਕਰੀਬ 5 ਵਜੇ ਜਦੋਂ ਮੁੰਡਾ ਬੋਰਵੈੱਲ ‘ਚ ਡਿੱਗਿਆ ਤਾਂ ਉਹ 30 ਤੋਂ 40 ਫੁੱਟ ਦੀ ਡੂੰਘਾਈ ‘ਤੇ ਫਸ ਗਿਆ। ਜਿਸ ਤੋਂ ਬਾਅਤ ਬਚਾਅ ਮੁਹਿੰਮ ਸ਼ੁਰੂ ਹੋਇਆ। ਬੋਰਵੈੱਲ ਦੇ ਬਰਾਬਰ ਸੁਰੰਗ ਪੁੱਟਣ ਲਈ ਅਰਥਮੂਵਿੰਗ ਮਸ਼ੀਨ ਦੀ ਵਰਤੋਂ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਬੱਚੇ ਤੱਕ ਪਹੁੰਚਣ ਅਤੇ ਉਸ ਨੂੰ ਬਚਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਮੁੰਡਾ ਖੇਤ ‘ਚ ਖੇਡ ਰਿਹਾ ਸੀ। ਪੁਲਸ ਨੇ ਪਹਿਲਾਂ ਕਿਹਾ ਸੀ ਕਿ ਬੋਰਵੈੱਲ ਹਾਲ ਹੀ ‘ਚ ਖੋਦਿਆ ਗਿਆ ਸੀ। ਸ਼ੁੱਕਰਵਾਰ ਨੂੰ ਜ਼ਿਲ੍ਹਾ ਕਲੈਕਟਰ ਅਮਨਬੀਰ ਸਿੰਘ ਬੈਂਸ ਨੇ ਕਿਹਾ ਕਿ ਮੁੰਡੇ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।