SGPC ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਦਸਤਖਤ ਮੁਹਿੰਮ ‘ਚ ਬੀਤੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਸਤਖਤ ਕਰਕੇ ਹਿੱਸਾ ਲਿਆ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਕਾਸ਼ ਬਾਦਲ ‘ਤੇ ਸ਼ਬਦੀ ਵਾਰ ਕਰਦਿਆਂ ਕਿਹਾ ਜਦੋਂ ਤੁਹਾਡੇ ਦਸਤਖ਼ਤਾਂ ਦੀ ਕੀਮਤ ਪੈਂਦੀ ਸੀ ਉਦੋਂ ਤਾਂ ਸਾਈਨ ਨਹੀਂ ਕੀਤੇ, ਹੁਣ ਕੀ ਫਾਇਦਾ ਹੈ। ਦਸ ਦਈਏ ਕਿ ਸੀ.ਐਮ. ਭਗਵੰਤ ਮਾਨ ਅੱਜ ਲੁਧਿਆਣਾ ਦੇ ਜਮਾਲਪੁਰ ਵਿਖੇ 225 ਐਮਐਲਡੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਲਈ ਪਹੁੰਚੇ ਸੀ ਜਿਥੇ ਉਹਨਾਂ ਵਲੋਂ ਇਹ ਬਿਆਨ ਦਿੱਤਾ ਗਿਆ ਸੀ।
ਇਸ ਦਰਮਿਆਨ ਉਹਨਾਂ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪ੍ਰਵਾਹੀ ਕਾਰਨ ਇਸ ਪਲਾਂਟ ਦਾ ਕਈ ਵਾਰ ਉਦਘਾਟਨ ਤਾਂ ਕੀਤਾ ਗਿਆ ਸੀ, ਪਰ ਇਸ ਉੱਤੇ ਕਿਸੇ ਨੇ ਵੀ ਕੋਈ ਕੰਮ ਨਹੀਂ ਕੀਤਾ। ਪੁਰਾਣੀਆਂ ਸਰਕਾਰਾਂ ਨੇ ਲੋਕਾਂ ਦੀ ਸਿਹਤ ਬਾਰੇ ਕਦੇ ਨਹੀਂ ਸੋਚਿਆ, ਜਿਸ ਕਾਰਨ ਇਲਾਕੇ ਦੇ ਲੋਕ ਕਾਲਾ ਪਾਣੀ ਪੀਣ ਲਈ ਮਜਬੂਰ ਹੋ ਗਏ ਸਨ। ਇਸ ਮੌਕੇ ਸੀ.ਐਮ. ਮਾਨ ਨੇ ਕਿਹਾ ਕਿ ਬੁੱਢੇ ਨਾਲੇ ਦਾ ਦੋ ਕਲੰਕ ਇਸ ਦਰਿਆ ‘ਤੇ ਲੱਗਿਆ ਹੋਇਆ ਹੈ ਉਹ ਜਲਦ ਹਟਾ ਦੇਵਾਂਗੇ ਅਤੇ ਮੁੜ ਤੋਂ ਇਸਨੂੰ ਬੁੱਢਾ ਦਰਿਆ ਦਾ ਨਾਂ ਦੇਵਾਂਗੇ। ਉਹਨਾਂ ਕਿਹਾ ਕਿ ਪਾਣੀ ਦੇ ਸ਼ੁਧੀਕਰਨ ਲਈ Fiber Disk Filter ਦੀ ਵਰਤੋਂ ਕੀਤੀ ਜਾਵੇਗੀ, ਜੋ ਪੰਜਾਬ ਦੇ ਵਿਚ ਪਹਿਲੀ ਵਾਰ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪਲਾਂਟ ਦੱਖਣੀ ਕੋਰੀਆ ਤੋਂ ਮੰਗਵਾਇਆ ਹੈ। ਇਸ ਪਲਾਂਟ ਦੇ ਨਾਲ ਬੁੱਢੇ ਨਾਲੇ ਕਾਰਨ ਫੈਲਣ ਵਾਲੀਆਂ ਬੀਮਾਰੀਆਂ ਤੋਂ ਰਾਹਤ ਮਿਲੇਗੀ।