ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਸੂਤਰਾਂ ਦੇ ਹਵਾਲੇ ਤੋਂ ਇਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਕਰੀਬ 34 ਸਾਲ ਪੁਰਾਣੇ ਰੋਡ ਰੇਂਜ ਮਾਮਲੇ ਵਿੱਚ ਤਕਰੀਬਨ ਸਾਢੇ ਛੇ ਮਹੀਨੇ ਤੋਂ ਪਟਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਮੇਂ ਤੋਂ ਪਹਿਲਾਂ ਰਿਹਾਈ ਹੋ ਸਕਦੀ ਹੈ। ਜੇਲ੍ਹ ਪ੍ਰਸ਼ਾਸਨ ਨੇ ਸਿੱਧੂ ਦੇ ਚੰਗੇ ਆਚਰਣ ਨੂੰ ਲੈ ਕੇ ਹਾਂ-ਪੱਖੀ ਰਿਪੋਰਟ ਦਿੱਤੀ ਹੈ। ਹਾਲਾਂਕਿ ਸਰਕਾਰ ਇਸ ਦੀ ਪੁਸ਼ਟੀ ਨਹੀਂ ਕਰ ਰਹੀ ਹੈ ਪਰ ਜੇਲ੍ਹ ਵਿਭਾਗ ਇਸ ਦੀ ਤਿਆਰੀ ‘ਚ ਲੱਗਾ ਹੋਇਆ ਹੈ। ਉਹ ਗਣਤੰਤਰ ਦਿਵਸ ‘ਤੇ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਇਸ ਨੂੰ ਲੈ ਕੇ ਅਧਿਕਾਰੀਆਂ ਵਿੱਚ ਮੰਥਨ ਵੀ ਸ਼ੁਰੂ ਹੋ ਗਿਆ ਹੈ। ਸਿੱਧੂ ਦੀ ਜੇਲ੍ਹ ਤੋਂ ਅਚਨਚੇਤੀ ਰਿਹਾਈ ਪਿੱਛੇ ਤਿੰਨ ਮੁੱਖ ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਜੇਲ੍ਹ ਵਿੱਚ ਨਵਜੋਤ ਸਿੱਧੂ ਦਾ ਆਚਰਣ ਬਹੁਤ ਵਧੀਆ ਰਿਹਾ ਹੈ। ਜੇਲ੍ਹ ਵਿੱਚ ਉਹਨਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ । ਉਹ ਉੱਥੇ ਕਲਰਕ ਵਜੋਂ ਕੰਮ ਕਰਦੇ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕੋਈ ਛੁੱਟੀ ਵੀ ਨਹੀਂ ਲਈ ਹੈ। ਇਹ ਸਾਰੀਆਂ ਗੱਲਾਂ ਸਿੱਧੂ ਦੇ ਹੱਕ ਵਿਚ ਹਨ। ਇਸ ਦੇ ਨਾਲ ਹੀ ਹੁਣ ਤੱਕ ਉਹ ਸਾਢੇ ਛੇ ਮਹੀਨੇ ਜੇਲ ਕੱਟ ਚੁੱਕੇ ਹਨ, ਜਨਵਰੀ ਤੱਕ ਨੌਂ ਮਹੀਨੇ ਦੀ ਸਜ਼ਾ ਪੂਰੀ ਹੋ ਜਾਵੇਗੀ। ਅਜਿਹੇ ‘ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਰਾਹਤ ਮਿਲ ਸਕਦੀ ਹੈ। ਦੂਜੇ ਪਾਸੇ ਚਰਚਾ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਦਾ ਇੱਕ ਦੋਸਤ ਉਹਨਾਂ ਨੂੰ ਮਿਲਣ ਲਈ ਪਟਿਆਲਾ ਜੇਲ੍ਹ ਗਿਆ ਸੀ। ਇਸ ਬਾਰੇ ਉਨ੍ਹਾਂ ਨੇ ਮੀਟਿੰਗ ਤੋਂ ਬਾਅਦ ਦੱਸਿਆ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਗਣਤੰਤਰ ਦਿਹਾੜੇ ‘ਤੇ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਰਿਹਾਅ ਕਰਨ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੀ ਸੂਚੀ ਸਰਕਾਰ ਨੂੰ ਭੇਜੀ ਗਈ ਹੈ, ਉਸ ‘ਚ ਨਵਜੋਤ ਸਿੱਧੂ ਦਾ ਨਾਂ ਵੀ ਸ਼ਾਮਲ ਹੈ। ਇਸ ਸਬੰਧੀ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਕੇ ਕਿਹਾ ਹੈ ਕਿ ਨਵਜੋਤ ਸਿੱਧੂ ਦੇ ਜੇਲ੍ਹ ‘ਚੋਂ ਮੁੜਦੇ ਹੀ ਮਿਸ਼ਨ-2024 ਸ਼ੁਰੂ ਹੋ ਜਾਵੇਗਾ ਅਤੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਵੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਆਪਣੇ ਟਵੀਟ ‘ਚ ਲਿਖਿਆ ਕਿ ਪੰਜਾਬ ਅੱਜ ਵੀ ਮੰਦਹਾਲੀ ਦੇ ਉਸੇ ਦੌਰ ‘ਚ ਖੜ੍ਹਾ ਹੈ, ਜਿੱਥੋਂ ਬਾਹਰ ਕੱਢਣ ਦਾ ਮਾਡਲ ਨਵਜੋਤ ਸਿੱਧੂ ਜੀ ਨੇ ਦਿੱਤਾ ਸੀ। ਉਨ੍ਹਾਂ ਲਿਖਿਆ ਕਿ ਪੰਜਾਬ ਦਾ ਇੰਜਣ ਨਵਾਂ ਕਰਨ ਦੀ ਨਹੀਂ, ਸਗੋਂ ਬਦਲਣ ਦੀ ਲੋੜ ਹੈ ਅਤੇ ਅੱਗੇ ਦੇਖੋ ਕੀ ਹੁੰਦਾ ਹੈ।
ਜੇਕਰ ਨਵਜੋਤ ਸਿੱਧੂ 26 ਜਨਵਰੀ ਨੂੰ ਜੇਲ੍ਹ ‘ਚੋਂ ਬਾਹਰ ਆ ਜਾਂਦੇ ਹਨ ਤਾਂ ਉਹ ਆਪਣੀ ਸਜ਼ਾ ਪੂਰੀ ਹੋਣ ਤੋਂ ਲਗਭਗ ਸਾਢੇ 3 ਮਹੀਨੇ ਪਹਿਲਾਂ ਹੀ ਰਿਹਾਅ ਹੋ ਜਾਣਗੇ। ਦੱਸਣਯੋਗ ਹੈ ਕਿ ਹਾਲ ਹੀ ‘ਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਚਿੱਠੀ ਲਿਖੀ ਸੀ। ਇਸ ਤੋਂ ਬਾਅਦ ਇਹ ਕਿਆਸਰਾਈਆਂ ਜਾ ਰਹੀਆਂ ਹਨ ਕਿ ਪਾਰਟੀ ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਯਾਦ ਰਹੇ ਕਿ ਨਵਜੋਤ ਸਿੰਘ ਸਿੱਧੂ ਨੂੰ ਰੋਡ ਰੇਜ ਦੇ 34 ਸਾਲ ਪੁਰਾਣੇ ਮਾਮਲੇ ਵਿੱਚ 1 ਸਾਲ ਦੀ ਸਜ਼ਾ ਹੋਈ ਸੀ। 1988 ਵਿੱਚ ਪੰਜਾਬ ਵਿੱਚ ਰੋਡ ਰੇਜ ਦੀ ਇੱਕ ਘਟਨਾ ਵਿੱਚ ਸਿੱਧੂ ਦੇ ਪੰਚ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਸੁਪਰੀਮ ਕੋਰਟ ਨੇ ਪਹਿਲਾਂ ਸਿੱਧੂ ਨੂੰ ਕਤਲ ਨਾ ਹੋਣ ਦੇ ਦੋਸ਼ ‘ਚ ਬਰੀ ਕਰ ਦਿੱਤਾ ਸੀ ਅਤੇ ਇਕ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਸੀ ਪਰ ਇਸ ਮਾਮਲੇ ‘ਚ ਰੀਵਿਊ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹੁਣ ਸੁਪਰੀਮ ਕੋਰਟ ਨੇ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਬਾਅਦ ਉਸ ਨੇ 20 ਮਈ 2022 ਨੂੰ ਆਤਮ ਸਮਰਪਣ ਕਰ ਦਿੱਤਾ।