ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਜਲੰਧਰ ਜ਼ਿਮਣੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਦਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ – ਬਹੁਜਨ ਸਮਾਜ ਪਾਰਟੀ ਗਠਜੋੜ ਨੇ ਉੱਘੇ ਸਮਾਜ ਸੇਵੀ, ਦੋ ਵਾਰ ਬੰਗਾ ਤੋਂ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਡਾ: ਸੁਖਵਿੰਦਰ ਕੁਮਾਰ ਸੁੱਖੀ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਉਮੀਦਵਾਰ ਦਾ ਐਲਾਨ ਜਲੰਧਰ ਵਿਖੇ ਅਕਾਲੀ ਦਲ-ਬਸਪਾ ਦੀ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਮਿਲ ਕੇ ਵਿਚਾਰ-ਵਟਾਂਦਰਾਂ ਕਰਕੇ ਸੁਖਵਿੰਦਰ ਸੁੱਖੀ ਨੂੰ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਆਖਿਆ ਕਿ ਇਹ ਦੇਸ਼ ਸਾਰੇ ਧਰਮਾਂ ਦਾ ਹੈ, ਇਸ ਲਈ ਅਕਾਲੀ ਦਲ ਤੇ ਬਸਪਾ ਦੀ ਸੋਚ ਹੈ ਕਿ ਦੇਸ਼ ਨੂੰ ਇਕੱਠਾ ਰੱਖਣ ਵਾਸਤੇ ਸਾਰੇ ਲੋਕਾਂ ਨੂੰ ਇਕ-ਜੁੱਟ ਰੱਖਿਆ ਜਾਵੇ।
ਬਾਦਲ ਨੇ ਆਖਿਆ ਕਿ ਅਸੀਂ ਲੋਕਾਂ ਨੂੰ ਜੋੜਨ ‘ਤੇ ਲੱਗੇ ਹੋਏ ਹਾਂ ਪਰ ਕਈ ਪਾਰਟੀਆਂ ਸਭ ਤੋੜ ਕੇ ਇਕ ਸੈਕਸ਼ਨ ਦੀਆਂ ਵੋਟਾਂ ਲੈਣ ਲਈ ਲੱਗੀਆਂ ਹੋਈਆਂ ਹਨ। ਇਸ ਲਈ ਅੱਜ ਸੁਖਵਿੰਦਰ ਸੁੱਖੀ ਨੂੰ ਅਕਾਲੀ-ਬਸਪਾ ਦੇ ਸਾਂਝਾ ਉਮੀਦਵਾਰ ਐਲਾਨ ਕੇ ਸਾਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਅਤੇ ਅਸੀਂ ਜਲਦ ਹੀ ਚੋਣ ਪ੍ਰਚਾਰ ਸ਼ੁਰੂ ਕਰਾਂਗੇ। ਸੁਖਬੀਰ ਬਾਦਲ ਨੇ ਆਖਿਆ ਕਿ ਮੈਨੂੰ ਪੂਰਾ ਆਸ ਹੈ ਕਿ ਦੋਵਾਂ ਪਾਰਟੀਆਂ ਦੇ ਸਮੁੱਚੇ ਵਰਕਰ ਦਿਨ-ਰਾਤ ਮਿਹਨਤ ਕਰਕੇ ਇਸ ਹਲਕੇ ‘ਚੋਂ ਜਿੱਤ ਹਾਸਲ ਕਰਨਗੇ। ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਸੀ ਕਿ ਜਲੰਧਰ ਜ਼ਿਮਨੀ ਚੋਣ ਲਈ ਦੋਹੇਂ ਪਾਰਟੀਆਂ ਦਾ ਉਮੀਦਵਾਰ ਸਾਂਝਾ ਹੋਵੇਗਾ ਤੇ ਇਹ ਉਮੀਦਵਾਰ ਅਕਾਲੀ ਦਲ ਦਾ ਹੋਵੇਗਾ।
ਇਥੇ ਦਸਣਯੋਗ ਹੈ ਕਿ ਜਲੰਧਰ ਲੋਕ ਸਭਾ ਜ਼ਿਮਣੀ ਚੋਣ 10 ਮਈ ਨੂੰ ਹੋਵੇਗੀ ਅਤੇ ਇਸਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ।