ਲੁਧਿਆਣਾ ਤੋਂ ਬਾਅਦ ਅੱਜ ਜਲੰਧਰ ਵਿਖੇ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਹਿਮ ਫੈਸਲੇ ਲਏ ਗਏ। ਕੀਤੇ ਵਾਅਦੇ ਮੁਤਾਬਕ ਸੀ.ਐਮ. ਮਾਨ ਅਤੇ ਹੋਰਨਾਂ ਮੰਤਰੀਆਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਉਹਨਾਂ ਨੇ ਬੈਠਕ ਦੌਰਾਨ ਲਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਸੀ.ਐਮ. ਮਾਨ ਨੇ ਕਿਹਾ ਕਿ ਸਰਕਾਰ ਆਦਮਪੁਰ ਵਾਲੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ। ਇਸਦੇ ਨਾਲ ਹੀ ਉਹਨਾਂ ਜਾਣਕਾਰੀ ਦਿੱਤੀ ਕਿ ਜਲੰਧਰ ਲਈ ਤਕਰੀਬਨ 95 ਕੋਰੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ GADVASU ਦੇ ਅਧਿਆਪਕਾਂ ਨੂੰ UGC ਸਕੇਲ ‘ਤੇ ਸੈਲਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਉਹਨਾਂ ਜਾਣਕਾਰੀ ਦਿੱਤੀ ਕਿ ਆਬਕਾਰੀ ਵਿਭਾਗ ‘ਚ 18 ਨਵੀਂਆਂ ਪੋਸਟਾਂ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 497 ਸਫਾਈ ਸੇਵਕਾਂ ਦੀ ਸੇਵਾ ਇਕ ਸਾਲ ਲਈ ਵਧਾ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ‘ਆਪ’ ਸਰਕਾਰ ਸੂਬੇ ਭਰ ‘ਚ ਲੋੜ ਅਨੁਸਾਰ ਵੱਖ ਵੱਖ ਸ਼ਹਿਰਾਂ ‘ਚ ਕੈਬਨਿਟ ਵਜ਼ਾਰਤ ਕਰਵਾਉਂਦਾ ਰਹੇਗਾ ਤਾਂ ਜੋ ਆਮ ਲੋਕਾਂ ਨਾਲ ਜੁੜਨ ਦਾ ਮੌਕਾ ਮਿਲ ਸਕੇ। ਜਿਸ ਮਗਰੋਂ ਅਫ਼ਸਰਸ਼ਾਹੀ ਆਮ ਜਨਤਾ ਨੂੰ ਰੂਬਰੂ ਹੋ ਉਨ੍ਹਾਂ ਦੀ ਪਰੇਸ਼ਾਨੀਆਂ ਸੁਣੇਗੀ ਅਤੇ ਨਿਯਮ ਮੁਤਾਬ ਹੱਲ ਕਰੇਗੀ। ਇਸ ਲਈ ਉਨ੍ਹਾਂ ਇਸ ਪਹਿਲ ਨੂੰ ਨਾਮ ਵੀ ਦਿੱਤਾ ‘ਸਰਕਾਰ ਤੁਹਾਡੇ ਦੁਆਰ’। ਇਸ ਦਰਮਿਆਨ ਸਭ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਜੇਤੂ ਉਮੀਦਵਾਰ ਨੂੰ ਨਾਲ ਲੈ ਜਲੰਧਰ ਦੇ ਲੋਕਾਂ ਦਾ ਧੰਨਵਾਦ ਕੀਤਾ, ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਉਨ੍ਹਾਂ ਨੂੰ ਹੋਰ ਚੰਗਾ ਕੰਮ ਕਰਨ ‘ਚ ਹੁਲਾਰਾ ਮਿਲਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਮਾਲ ਪਟਵਾਰੀਆਂ ਜਿਨ੍ਹਾਂ ਦੀ ਸਿਖਲਾਈ ਦਾ ਪਹਿਲਾ ਸਮਾਂ ਡੇਢ ਸਾਲ ਸੀ ਅਤੇ ਜਿਸਨੂੰ ਉਨ੍ਹਾਂ ਦੀ ਪ੍ਰੋਬੇਸ਼ਨ ‘ਚ ਵੀ ਗਿਣੀਆਂ ਨਹੀਂ ਜਾਂਦਾ ਸੀ। ਹੁਣ ਤੋਂ ਉਨ੍ਹਾਂ ਦੀ ਸਿਖਲਾਈ ਦਾ ਸਮਾਂ ਘਟਾ ਕੇ ਇੱਕ ਸਾਲ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੁਣ ਤੋਂ ਉਨ੍ਹਾਂ ਦੀ ਸਿਖਲਾਈ ਦਾ ਸਮਾਂ ਵੀ ਉਨ੍ਹਾਂ ਦੇ ਪ੍ਰੋਬੇਸ਼ਨ ਪੀਰੀਅਡ ‘ਚ ਗਿਣਿਆ ਜਾਵੇਗਾ। ਜਿਸਦਾ ਅਰਥ ਹੈ ਵੀ ਹੁਣ ਤੋਂ ਮਾਲ ਪਟਵਾਰੀਆਂ ਦੇ ਸਿਖਲਾਈ ਦਾ ਪਹਿਲਾ ਦਿਨ ਉਨ੍ਹਾਂ ਦੀ ਨੌਕਰੀ ਦਾ ਪਹਿਲਾ ਦਿਨ ਗਿਣਿਆ ਜਾਵੇਗਾ। ਇੱਕ ਹੋਰ ਵੱਡੇ ਫੈਸਲੇ ‘ਚ ਪਟਿਆਲੇ ਦੇ ਸਰਕਾਰੀ ਆਯੂਰਵੈਦਿਕ ਕਾਲਜ, ਸਰਕਾਰੀ ਆਯੂਰਵੈਦਿਕ ਹਸਪਤਾਲ ਅਤੇ ਸਰਕਾਰੀ ਆਯੂਰਵੈਦਿਕ ਫਾਰਮੇਸੀ ਨੂੰ ਹੁਸ਼ਿਆਰਪੁਰ ਦੇ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਨੂੰ ਸੌਂਪਣ ਦਾ ਫੈਸਲਾ ਕੀਤਾ, ਜਿਸ ਮਗਰੋਂ ਹੁਣ ਇਹ ਮਰਜ ਹੋ ਜਾਣਗੇ, ਅਰਥ ਪਟਿਆਲਾ ਦੇ ਇਹ ਸਰਕਾਰੀ ਵਿਭਾਗ ਹੁਸ਼ਿਆਰਪੁਰ ਦੀ ਯੂਨੀਵਰਸਿਟੀ ਦੇ ਅਧੀਨ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਆਯੂਰਵੈਦ ਨੂੰ ਹੋਰ ਹੁਲਾਰਾ ਮਿਲੇਗਾ।