ਪੰਜਾਬ ਦੇ ਇਕ ਹੋਰ ਮੰਤਰੀ ਨੇ ਘਰ ਸ਼ਹਿਨਾਈਆਂ ਗੂੰਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਐਤਵਾਰ ਨੂੰ ਇੱਕ ਨਿੱਜੀ ਸਮਾਰੋਹ ਦੌਰਾਨ ਪੁਲਿਸ ਸੁਪਰਡੈਂਟ (ਐਸਪੀ) ਵਜੋਂ ਤਾਇਨਾਤ ਆਈਪੀਐਸ ਅਧਿਕਾਰੀ ਡਾਕਟਰ ਜਯੋਤੀ ਯਾਦਵ ਨਾਲ ਮੰਗਣੀ ਕਰ ਲਈ। ਜੋੜੇ ਨੇ ਵਿਆਹ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ, ਪਰ ਪਰਿਵਾਰ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਇਹ ਇੱਕ ਦੋ ਹਫ਼ਤਿਆਂ ਵਿੱਚ ਹੋਣ ਦੀ ਸੰਭਾਵਨਾ ਹੈ।
ਸੂਤਰਾਂ ਮੁਤਾਬਕ ਇਸ ਵਿਆਹ ਵਿੱਚ ਕਈ ਸਿਆਸੀ ਦਿੱਗਜਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਸ਼ਲ ਮੀਡੀਆ ਪੇਜ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਆਈਪੀਐਸ ਅਧਿਕਾਰੀ ਜਯੋਤੀ ਯਾਦਵ ਨਾਲ ਹੋਈ ਮੰਗਣੀ ਤਸਵੀਰ ਸਾਂਝੀ ਕਰਦਿਆਂ ਉਹਨਾਂ ਦੋਵਾਂ ਨੂੰ ਵਧਾਈ ਦਿੱਤੀ ਹੈ।
ਦਸ ਦਈਏ ਕਿ ਹਰਿਆਣਾ ਦੇ ਗੁੜਗਾਓਂ ਦੀ ਰਹਿਣ ਵਾਲੀ 34 ਸਾਲਾ ਯਾਦਵ ਇੱਕ ਯੋਗ ਦੰਦਾਂ ਦੀ ਡਾਕਟਰ ਵੀ ਹੈ। 2019 ਬੈਚ ਦੀ ਆਈਪੀਐਸ ਅਧਿਕਾਰੀ ਪਿਛਲੇ ਸਾਲ ਜੁਲਾਈ ਵਿੱਚ ਸੁਰਖੀਆਂ ਵਿੱਚ ਆਈ ਸੀ ਜਦੋਂ ਉਹਨਾਂ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦਾ ਸਾਹਮਣਾ ਕਰਨਾ ਪਿਆ ਸੀ। ਵਿਧਾਇਕ ਨੇ ਜਯੋਤੀ ਯਾਦਵ ਨੂੰ “ਬਿਨਾਂ ਦੱਸੇ ਉਸ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਉਣ” ਲਈ ਸਾਰਿਆ ਸਾਹਮਣੇ ਤਾੜਨਾ ਕੀਤੀ ਸੀ। ਯਾਦਵ, ਜੋ ਕਿ ਉਸ ਸਮੇਂ ਲੁਧਿਆਣਾ ਵਿੱਚ ਏਸੀਪੀ ਵਜੋਂ ਤਾਇਨਾਤ ਸੀ, ਨੇ ਸ਼ਾਂਤ ਰਹਿੰਦਿਆਂ ਵਿਧਾਇਕ ਨੂੰ ਦੱਸਿਆ ਸੀ ਕਿ ਉਸਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਆਦੇਸ਼ਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਸੀ।