ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮਾਗਮ ‘ਤੇ ਹਰ ਇਕ ਦੀਆਂ ਅੱਖਾਂ ਨਮ ਹੁੰਦੀਆਂ ਵਿਖਾਈ ਦਿੱਤੀਆਂ। ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਬਾਦਲ ਦੀ ਸੋਚ ‘ਤੇ ਡਟ ਕੇ ਪਹਿਰਾ ਦੇਣ ਦੀ ਗੱਲ ਕਹੀ। ਉਥੇ ਹੀ ਆਪਣੇ ਤਾਇਆ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਮਨਪ੍ਰੀਤ ਸਿੰਘ ਬਾਦਲ ਵੀ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਬਾਦਲ ਸਾਹਿਬ ਨੂੰ ਪਰਮਾਤਮਾ ਨੇ ਸਿਆਸੀ ਚੜ੍ਹਾਈ ਦੇ ਨਾਲ-ਨਾਲ ਬੇਪਨਾਹ ਖੂਬੀਆਂ ਦਿੱਤੀਆਂ ਸਨ। ਇਸ ਮੌਕੇ ਸ਼ਾਇਰਾਨਾ ਅੰਦਾਜ਼ ‘ਚ ਮਨਪ੍ਰੀਤ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਲਈ ਕੁਝ ਬੋਲ ਬੋਲੇ-
ਆਜਾ ਚਮਨ ਦਿਆ ਮਾਲੀਆ ਬੂਟੇ ਉਦਾਸ ਨੇ
ਜਿਸ ਦਿਨ ਦਾ ਟੁਰ ਗਿਆ, ਨਾਲ ਹੀ ਟੁਰ ਗਈਆਂ ਨੇ ਕੁੱਲ ਬਹਾਰਾਂ
ਤੇਰੇ ਹਿਜਰ ਵਿੱਚ ਫੁੱਲ ਤੇ ਕਲੀਆਂ ਰੋਂਦੀਆਂ
ਜਿੱਧਰ ਲੰਘਦਾ ਸੀ ਸੋਹਣਿਆ, ਉਹ ਗਲੀਆਂ ਪਈਆਂ ਰੋਂਦੀਆਂ
ਮਨਪ੍ਰੀਤ ਬਾਦਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਾਦਲ ਸਾਹਿਬ ਨੂੰ 20 ਸਾਲ ਹਕੁਮਤ ਕਰਨ ਦਾ ਮੌਕਾ ਦਿੱਤਾ ਅਤੇ ਇਨ੍ਹਾਂ 20 ਸਾਲਾਂ ‘ਚ ਬਾਦਲ ਸਾਹਿਬ ਨੇ 120 ਸਾਲ ਦੇ ਕੰਮ ਕੀਤੇ। ਜਿਹੜੀ ਪੱਗੜੀ ਪੰਜਾਬ ਦੇ ਲੋਕਾਂ ਨੇ ਬਾਦਲ ਸਾਹਿਬ ਦੇ ਸਿਰ ‘ਤੇ ਸਜਾਈ ਸੀ, ਬਾਦਲ ਸਾਹਿਬ ਨੇ ਆਪਣੇ ਖੂਨ-ਪਸੀਨੇ ਅਤੇ ਅਣਥੱਕ ਮਿਹਨਤ ਨਾਲ ਉਸ ਪੱਗੜੀ ਦੀ ਲਾਜ ਰੱਖੀ। ਉਹਨਾਂ ਕਿਹਾ ਪਰਮਾਤਮਾ ਨੇ ਸ. ਬਾਦਲ ਨੂੰ ਬਹੁਤ ਵੱਡਾ ਦਿਲ ਅਤੇ ਜਿਗਰਾ ਦਿੱਤਾ ਅਤੇ ਵਤਨ ਦੀ ਬਿਹਤਰੀ ਲਈ ਬਾਦਲ ਸਾਹਿਬ ਨੇ ਹਰ ਰੁੱਸੇ ਹੋਏ ਦੋਸਤ ਨੂੰ ਮਨਾਇਆ। ਉਨ੍ਹਾਂ ਕਿਹਾ ਕਿ ਮੇਰੇ ਵੀ ਜਦੋਂ ਬਾਦਲ ਸਾਹਿਬ ਨਾਲ ਸਿਆਸੀ ਮਤਭੇਦ ਹੋਏ ਗਏ ਸਨ ਤਾਂ ਇਹ ਉਨ੍ਹਾਂ ਦਾ ਬੜੱਪਨ ਸੀ ਕਿ ਉਨ੍ਹਾਂ ਨੇ ਮੈਨੂੰ ਆਪਣੇ ਗਲੇ ਲਾਇਆ।