ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿੱਧੂ ਜੋੜੇ ਨਾਲ ਤਕਰਾਅ ਵੱਧਦੇ ਹੀ ਜਾ ਰਹੇ ਹਨ। ਦੋ ਵਿਆਹਾਂ ਦੇ ਦਿੱਤੇ ਬਿਆਨ ਨੂੰ ਲੈਕੇ ਬਹਿਸ ਇੰਨੀ ਛਿੜ ਚੁੱਕੀ ਹੈ ਕਿ ਦੋਵਾਂ ਧਿਰਾਂ ਵਲੋਂ ਇਕ-ਦੂਜੇ ‘ਤੇ ਲਗਾਤਾਰ ਪਲਟਵਾਰ ਕੀਤਾ ਜਾ ਰਿਹਾ ਹੈ। ਹੁਣ ਇਕ ਵਾਰ ਫਿਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਸਿੱਧੂ ਨੇ ਟਵੀਟ ਜ਼ਰੀਏ ਇਕ ਹੋਰ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਨੂੰ ਸੀਐਮ ਦੀ ਕੁਰਸੀ ਨਵਜੋਤ ਸਿੱਧੂ ਨੇ ਤੋਹਫੇ ਵਜੋਂ ਦਿੱਤੀ ਹੈ। ਡਾ. ਨਵਜੋਤ ਸਿੱਧੂ ਨੇ ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਵਿਚਾਲੇ ਦੋ ਵਿਆਹਾਂ ਨੂੰ ਲੈ ਕੇ ਸ਼ੁਰੂ ਹੋਈ ਟਵੀਟ ਜੰਗ ਦੇ ਜਵਾਬ ਵਿੱਚ ਕੀਤਾ ਹੈ। ਇਸ ਟਵੀਟ ਵਿੱਚ ਡਾ. ਨਵਜੋਤ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਦਿੱਲੀ ਦੇ ਸੀਐਮ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। ਇਹ ਉਹੀ ਦੌਰ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਚੱਲ ਰਹੀਆਂ ਸਨ।
ਡਾ. ਨਵਜੋਤ ਕੌਰ ਨੇ ਟਵੀਟ ‘ਚ ਕਿਹਾ- ਸੀਐਮ ਭਗਵੰਤ ਮਾਨ, ਚਲੋ ਅੱਜ ਮੈਂ ਤੁਹਾਡੇ ਖ਼ਜ਼ਾਨੇ ਵਿੱਚ ਛੁਪੇ ਇੱਕ ਰਾਜ਼ ਤੋਂ ਪਰਦਾ ਉਠਾਉਂਦੀ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਸਨਮਾਨਤ ਕੁਰਸੀ ‘ਤੇ ਤੁਸੀਂ ਬੈਠੇ ਹੋ, ਉਹ ਤੁਹਾਨੂੰ ਤੁਹਾਡੇ ਵੱਡੇ ਭਰਾ ਨਵਜੋਤ ਸਿੱਧੂ ਨੇ ਤੋਹਫੇ ਵਜੋਂ ਦਿੱਤੀ ਹੈ। ਤੁਹਾਡੇ ਆਪਣੇ ਸਭ ਤੋਂ ਸੀਨੀਅਰ ਨੇਤਾ ਚਾਹੁੰਦੇ ਸਨ ਕਿ ਨਵਜੋਤ ਪੰਜਾਬ ਦੀ ਅਗਵਾਈ ਕਰਨ।
ਉਨ੍ਹਾਂ ਕਿਹਾ ਹੈ ਕਿ ਕੇਜਰੀਵਾਲ ਨੇ ਸਾਡੇ ਸੂਬੇ ਪ੍ਰਤੀ ਉਨ੍ਹਾਂ ਦੇ (ਸਿੱਧੂ ਦੇ) ਜਨੂੰਨ ਬਾਰੇ ਜਾਣਦਿਆਂ, ਪੰਜਾਬ ਦੀ ਅਗਵਾਈ ਕਰਨ ਲਈ ਵੱਖ-ਵੱਖ ਚੈਨਲਾਂ ਰਾਹੀਂ ਉਨ੍ਹਾਂ ਤੱਕ ਪਹੁੰਚ ਕੀਤੀ ਪਰ ਕਿਉਂਕਿ ਉਹ ਆਪਣੀ ਪਾਰਟੀ ਨਾਲ ਧੋਖਾ ਨਹੀਂ ਕਰਨਾ ਚਾਹੁੰਦੇ ਸਨ ਤੇ ਸੋਚਦੇ ਸਨ ਕਿ ਜਦੋਂ ਪੰਜਾਬ ਨੂੰ ਉੱਚਾ ਚੁੱਕਣ ਦੀ ਰਣਨੀਤੀ ਦੀ ਗੱਲ ਆਉਂਦੀ ਹੈ ਤਾਂ ਦੋ ਮਜ਼ਬੂਤਦਿਮਾਗ ਵਾਲੇ ਲੋਕ ਟਕਰਾ ਸਕਦੇ ਹਨ, ਉਨ੍ਹਾਂ ਨੇ ਤੁਹਾਨੂੰ ਮੌਕਾ ਦਿੱਤਾ।
ਪਤਨੀ ਨੇ ਕਿਹਾ ਸਿੱਧੂ ਦੀ ਇੱਕੋ ਇੱਕ ਚਿੰਤਾ ਪੰਜਾਬ ਦੀ ਭਲਾਈ ਹੈ ਤੇ ਉਨ੍ਹਾਂ ਨੇ ਇਸ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਤੁਸੀਂ ਸੱਚ ਦੇ ਮਾਰਗ ‘ਤੇ ਚੱਲਦੇ ਹੋ ਤੇ ਉਹ ਤੁਹਾਡਾ ਸਮਰਥਨ ਕਰਨਗੇ, ਪਰ ਜਦੋਂ ਤੁਸੀਂ ਇਸ ਤੋਂ ਭਟਕੋਗੇ ਤਾਂ ਇਹ ਤੁਹਾਨੂੰ ਖੱਬੇ ਤੇ ਸੱਜੇ ਦੋਵੇਂ ਪਾਸਿਓਂ ਨਿਸ਼ਾਨਾ ਬਣਾਉਣਗੇ। ਪੰਜਾਬ ਦਾ ਸੁਨਹਿਰੀ ਰਾਜ ਉਨ੍ਹਾਂ ਦਾ ਸੁਪਨਾ ਹੈ ਤੇ ਉਹ ਇਸ ਨੂੰ 24 ਘੰਟੇ ਜਿਉਂਦੇ ਹਨ।