ਆਪਣੀਆਂ 2 ਚੇਲੀਆਂ ਦੇ ਬਲਾਤਕਾਰ ਮਾਮਲੇ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਮਿਲੀ ਪੈਰੋਲ ਤੋਂ ਬਾਅਦ ਅੱਜ ਹਰਿਆਣਾ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ। ਇਸ ਮੌਕੇ ਜੇਲ੍ਹ ਦੇ ਨੇੜੇ ਵੱਡੀ ਸੰਖਿਆ ਵਿਚ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ। ਉਸ ਦਾ ਕਾਫ਼ਲਾ ਯੂ.ਪੀ. ਦੇ ਬਾਗਪਤ ਵਲ ਰਵਾਨਾ ਹੋਇਆ, ਜਿੱਥੇ ਉਹ ਬਰਨਾਵਾ ਆਸ਼ਰਮ ਵਿਚ ਰੁਕੇਗਾ।
ਦੱਸ ਦਈਏ ਕਿ ਜਬਰ ਜਨਾਹ ਤੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ ਇੱਕ ਹੋਰ 40 ਦਿਨ ਦੀ ਪੈਰੋਲ ਮਿਲ ਗਈ ਹੈ। ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਨੂੰ 40 ਦਿਨ ਦੀ ਪੈਰੋਲ ਮਿਲੀ ਸੀ।
ਸੂਤਰਾਂ ਨੇ ਦੱਸਿਆ ਕਿ ਡੇਰਾ ਮੁਖੀ ਨੇ ਸਾਬਕਾ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦੀ 25 ਜਨਵਰੀ ਨੂੰ ਆ ਰਹੀ ਜਨਮ ਵਰ੍ਹੇਗੰਢ ਸਮਾਗਮ ’ਚ ਸ਼ਾਮਲ ਹੋਣ ਲਈ 40 ਦਿਨ ਦੀ ਪੈਰੋਲ ਮੰਗੀ ਸੀ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਦੋ ਸਾਧਵੀਆਂ ਨਾਲ ਜਬਰ ਜਨਾਹ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਹੇਠ 20 ਸਾਲ ਕੈਦ ਦੀ ਸਜ਼ਾ ਕੱਟ ਰਿਹਾ ਹੈ। ਡੇਰਾ ਮੁਖੀ ਨੂੰ ਇਸ ਤੋਂ ਪਹਿਲਾਂ 40 ਦਿਨ ਦੀ ਪੈਰੋਲ, 21 ਦਿਨ ਦੀ ਫਰਲੌ ਤੇ ਇੱਕ ਮਹੀਨੇ ਦੀ ਪੱਕੀ ਪੈਰੋਲ ਦਿੱਤੀ ਜਾ ਚੁੱਕੀ ਹੈ।