ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਜੇਲ੍ਹ ਤੋਂ ਬਾਹਰ ਆਕੇ ਕੇਕ ਕੱਟ ਕੇ ਜਸ਼ਨ ਮਨਾਇਆ ਹੈ। ਅਦਾਲਤ ਤੋਂ 40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਸ਼ਨੀਵਾਰ ਨੂੰ ਬਾਗਪਤ ਸਥਿਤ ਆਪਣੇ ਬਰਨਾਵਾ ਆਸ਼ਰਮ ਪਹੁੰਚਿਆ। ਖ਼ਬਰਾ ਮੁਤਾਬਕ ਇੱਥੇ ਉਨ੍ਹਾਂ ਨੇ ਆਪਣੀ ਆਜ਼ਾਦੀ ਦਾ ਜਸ਼ਨ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਤਲਵਾਰ ਨਾਲ ਕੇਕ ਕੱਟ ਕੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਹੈ। ਦੱਸ ਦੇਈਏ ਕਿ ਰਾਮ ਰਹੀਮ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।
ਪਤਾ ਲੱਗਾ ਹੈ ਕਿ ਰਾਮ ਰਹੀਮ ਨੂੰ ਤੀਜੀ ਵਾਰ ਪੈਰੋਲ ਮਿਲੀ ਹੈ। ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਤੀਜੀ ਵਾਰ ਪੈਰੋਲ ਦੇਣ ‘ਤੇ ਲੋਕ ਹਰਿਆਣਾ ਸਰਕਾਰ ‘ਤੇ ਵੀ ਸਵਾਲ ਉਠਾ ਰਹੇ ਹਨ। ਇਨ੍ਹਾਂ ਸਵਾਲਾਂ ਦੇ ਵਿਚਕਾਰ ਰਾਮ ਰਹੀਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਨਾਲ ਉਹ ਫਿਰ ਸਾਲਾਂ ਦੇ ਚੱਕਰ ‘ਚ ਆ ਗਿਆ ਹੈ।
ਪੈਰੋਲ ਮਿਲਣ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਜਸ਼ਨ ਵਿੱਚ ਡੁੱਬਿਆ ਹੋਇਆ ਹੈ। ਵਾਇਰਲ ਵੀਡੀਓ ‘ਚ ਰਾਮ ਰਹੀਮ ਨੂੰ ਤਲਵਾਰ ਨਾਲ ਕੇਕ ਕੱਟ ਕੇ ਜਸ਼ਨ ਮਨਾਉਂਦੇ ਦੇਖਿਆ ਜਾ ਸਕਦਾ ਹੈ। ਰਾਮ ਰਹੀਮ ਦੇ ਜਸ਼ਨ ਵਿੱਚ ਉਨ੍ਹਾਂ ਦੇ ਕਈ ਚੇਲੇ ਵੀ ਸ਼ਾਮਲ ਹੋਏ ਹਨ। ਜ਼ਿਕਰਯੋਗ ਹੈ ਕਿ ਪੈਰੋਲ ‘ਤੇ ਆਉਣ ਤੋਂ ਬਾਅਦ ਕਿਸੇ ਵੀ ਸਜ਼ਾਯਾਫ਼ਤਾ ਕੈਦੀ ਵੱਲੋਂ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ਆਰਮਜ਼ ਐਕਟ ਤਹਿਤ ਮਨਾਹੀ ਹੈ। ਇਸ ਦੇ ਬਾਵਜੂਦ ਰਾਮ ਰਹੀਮ ਵੱਲੋਂ ਤਲਵਾਰ ਨਾਲ ਕੇਕ ਕੱਟਿਆ ਗਿਆ ਹੈ।
ਗੌਰਤਲਬ ਹੈ ਕਿ ਗੁਰਮੀਤ ਰਾਮ ਰਹੀਮ ਨੇ 25 ਜਨਵਰੀ ਨੂੰ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ‘ਤੇ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਇਲਾਵਾ 25 ਜਨਵਰੀ ਨੂੰ ਹੋਣ ਵਾਲੇ ਭੰਡਾਰੇ ਅਤੇ ਸਤਿਸੰਗ ਲਈ ਡੇਰਾ ਸੱਚਾ ਸੌਦਾ ਮੁਖੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਭੇਜ ਕੇ ਸਿਰਸਾ ਆਉਣ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਹਰਿਆਣਾ ਵਿੱਚ ਆਦਮਪੁਰ ਵਿਧਾਨ ਸਭਾ ਉਪ ਚੋਣ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਸੀ।