10 ਮਈ ਨੂੰ ਹੋਣ ਜਾ ਰਹੀ ਜਲੰਧਰ ਜ਼ਿਮਣੀ ਚੋਣ ਵਿਚ ਮਹਿਜ਼ 3 ਦਿਨ ਬਾਕੀ ਹਨ। ਇਸ ਵਿਚਕਾਰ ਹਰ ਪਾਰਟੀ ਆਗੂ ਵਲੋਂ ਆਪਣੇ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਮੌਕੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਸੈਂਟਰਲ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਜਨਤਾ ਨੂੰ ਸੰਬੋਧਨ ਕਰਦੇ ਹੋਏ ਸੀ.ਐਮ. ਮਾਨ ਨੇ ਕਿਹਾ ਕਿ ਜਲੰਧਰ ਨੂੰ ਅਸੀਂ ਮੁੰਦਰੀ ਦੇ ਨਗ ਵਾਂਗ ਚਮਕਾ ਦੇਵਾਂਗੇ। ਰੁਜ਼ਗਾਰ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਿਰਫ਼ ਇਕ ਸਾਲ ਵਿਚ ਪੰਜਾਬ ਦੇ 29 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਲਈ ਹੋਰ ਵੀ ਵੱਡੀ ਗਿਣਤੀ ਵਿਚ ਸਰਕਾਰੀ ਨੌਕਰੀਆਂ ਦੀਆਂ ਅਸਾਮੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਨਿਕੰਮੇ ਨਿਕਲੇ ਤਾਂ ਅਗਲੀ ਵਾਰ ਮੱਖਣ ਵਿਚੋਂ ਵਾਲ ਵਾਂਗੂ ਕੱਢ ਕੇ ਬਾਹਰ ਕਰ ਦਿਓ। 10 ਮਈ ਨੂੰ ਝਾੜੂ ਵਾਲਾ ਬਟਨ ਦੱਬ ਕੇ ਆਪਣੀ ਜ਼ਿੰਮੇਵਾਰੀ ਨਿਭਾਓ। ਫਿਰ ਸਾਡੀ ਜ਼ਿੰਮੇਵਾਰੀ ਸ਼ੁਰੂ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਪੀ. ਜੀ. ਆਈ. ਵਰਗਾ ਇਕ ਹਸਪਤਾਲ ਵੀ ਬਣਾਇਆ ਜਾਵੇਗਾ ਅਤੇ ਜੋ ਪਿਮਸ ਹਸਪਤਾਲ ਹੈ, ਉਸ ਨੂੰ ਸਰਕਾਰ ਵੱਲੋਂ ਚਲਾਇਆ ਜਾਵੇਗਾ ਅਤੇ ਇਥੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸਿਰਫ਼ 11 ਮਹੀਨੇ ਮੰਗ ਰਹੇ ਹਾਂ। ਤੁਸੀਂ ਕਾਂਗਰਸ ਨੂੰ 60 ਸਾਲ ਵੋਟਾਂ ਪਾਈਆਂ ਹਨ। ਹੁਣ 11 ਮਹੀਨੇ ਸਾਡੇ ਨਾਲ ਲਗਾ ਦਿਓ, ਅੱਗੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਇੰਨਾ ਵਧੀਆ ਕੰਮ ਕਰਾਂਗੇ ਕਿ ਅਗਲੀ ਵਾਰੀ ਤੁਹਾਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪਵੇਗੀ।