ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਨੇ ਸ਼ੁੱਕਰਵਾਰ ਦੇਰ ਰਾਤ ਜੈੱਟ ਏਅਰਵੇਜ਼ ਇੰਡੀਆ ਲਿਮਟਿਡ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਹਨਾਂ ਨੂੰ ਪੁੱਛਗਿੱਛ ਲਈ ਈਡੀ ਦੇ ਮੁੰਬਈ ਦਫ਼ਤਰ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਗ੍ਰਿਫ਼ਤਾਰੀ ਹੋਈ। ਦਸ ਦਈਏ ਕਿ ਉਹਨਾਂ ‘ਤੇ 538 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਹੈ। ਗੋਇਲ ਨੂੰ ਅੱਜ 2 ਸਤੰਬਰ ਨੂੰ ਵਿਸ਼ੇਸ਼ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਈਡੀ ਹਿਰਾਸਤ ਦੀ ਮੰਗ ਕਰੇਗੀ। ਇਸ ਤੋਂ ਪਹਿਲਾਂ ਈਡੀ ਨੇ ਉਨ੍ਹਾਂ ਨੂੰ ਦੋ ਵਾਰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਹ ਪੇਸ਼ ਨਹੀਂ ਹੋਏ। ਪਿਛਲੇ ਸਾਲ ਨਵੰਬਰ ਵਿੱਚ ਕੇਨਰਾ ਬੈਂਕ ਨੇ ਨਰੇਸ਼ ਗੋਇਲ, ਉਹਨਾਂ ਦੀ ਪਤਨੀ ਅਨੀਤਾ ਅਤੇ ਹੋਰਾਂ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਤੋਂ ਬਾਅਦ ਸੀਬੀਆਈ ਨੇ ਮਈ 2023 ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਈਡੀ ਨੇ ਮਨੀ ਲਾਂਡਰਿੰਗ ਦਾ ਕੇਸ ਵੀ ਦਰਜ ਕੀਤਾ ਸੀ।
ਜ਼ਿਕਰਯੋਗ ਹੈ ਕਿ ਜੈੱਟ ਨੂੰ 848.86 ਕਰੋੜ ਰੁਪਏ ਦੀ ਕ੍ਰੈਡਿਟ ਲਿਮਿਟ ਅਤੇ ਲੋਨ ਦਿੱਤੇ ਗਏ ਸਨ, ਜਿਨ੍ਹਾਂ ‘ਚੋਂ 538.62 ਕਰੋੜ ਰੁਪਏ ਬਕਾਇਆ ਹਨ। ਇਹ ਅਕਾਊਂਟ 29 ਜੁਲਾਈ 2021 ਨੂੰ ‘ਧੋਖਾਧੜੀ’ ਘੋਸ਼ਿਤ ਕੀਤਾ ਗਿਆ ਸੀ। ਸੀਬੀਆਈ ਨੇ 5 ਮਈ ਨੂੰ ਗੋਇਲ ਦੇ ਮੁੰਬਈ ਸਥਿਤ ਦਫ਼ਤਰ ਸਮੇਤ 7 ਟਿਕਾਣਿਆਂ ਦੀ ਤਲਾਸ਼ੀ ਲਈ ਸੀ। ਨਰੇਸ਼ ਗੋਇਲ, ਅਨੀਤਾ ਗੋਇਲ ਅਤੇ ਜੈੱਟ ਐਗਜ਼ੀਕਯੂਟਿਵ ਗੌਰਾਂਗ ਸ਼ੈਟੀ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਸੀਬੀਆਈ ਦੀ ਐਫਆਈਆਰ ਦੇ ਆਧਾਰ ’ਤੇ ਈਡੀ ਨੇ 19 ਜੁਲਾਈ ਨੂੰ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਫਿਰ ਈਡੀ ਨੇ ਗੋਇਲ ਅਤੇ ਉਸ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਲਈ।
ਕੇਨਰਾ ਬੈਂਕ ਨੇ ਦੋਸ਼ ਲਾਇਆ ਸੀ ਕਿ ਜੈੱਟ ਏਅਰਵੇਜ਼ ਦੇ ਫੋਰੈਂਸਿਕ ਆਡਿਟ ‘ਚ ਪਾਇਆ ਗਿਆ ਕਿ ਜੈੱਟ ਨੇ ‘ਰਿਲੇਟਿਡ ਕੰਪਨੀਆਂ’ ਨੂੰ 1,410.41 ਕਰੋੜ ਰੁਪਏ ਟਰਾਂਸਫਰ ਕੀਤੇ ਹਨ। ਅਜਿਹਾ ਕੰਪਨੀ ਦੇ ਖਾਤੇ ‘ਚੋਂ ਪੈਸੇ ਕਢਵਾਉਣ ਲਈ ਕੀਤਾ ਗਿਆ ਸੀ। ਗੋਇਲ ਪਰਿਵਾਰ ਦੇ ਨਿੱਜੀ ਖਰਚੇ – ਜਿਵੇਂ ਕਿ ਸਟਾਫ ਦੀ ਤਨਖਾਹ, ਫੋਨ ਬਿੱਲ ਅਤੇ ਵਾਹਨ ਦੇ ਖਰਚੇ – ਸਾਰੇ ਜੈੱਟ ਏਅਰਵੇਜ਼ ਦੁਆਰਾ ਪੂਰੇ ਕੀਤੇ ਗਏ ਸਨ। ਗੋਇਲ ਨੇ 1993 ਵਿੱਚ ਜੈੱਟ ਏਅਰਵੇਜ਼ ਦੀ ਸਥਾਪਨਾ ਕੀਤੀ ਸੀ। 2019 ਵਿੱਚ, ਉਸਨੇ ਏਅਰਲਾਈਨ ਦੇ ਚੇਅਰਮੈਨ ਦਾ ਅਹੁਦਾ ਛੱਡ ਦਿੱਤਾ। ਜੈੱਟ ਏਅਰਵੇਜ਼ ਇੱਕ ਸਮੇਂ ਭਾਰਤ ਵਿੱਚ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨਾਂ ਵਿੱਚੋਂ ਇੱਕ ਸੀ ਅਤੇ ਦੱਖਣੀ ਏਸ਼ੀਆਈ ਦੇਸ਼ ਵਿੱਚ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨ ਦਾ ਦਰਜਾ ਪ੍ਰਾਪਤ ਸੀ। ਫਿਰ, ਕਰਜ਼ੇ ਦੇ ਬੋਝ ਕਾਰਨ ਜੈੱਟ ਏਅਰਵੇਜ਼ 17 ਅਪ੍ਰੈਲ 2019 ਨੂੰ ਗਰਾਊਂਡਿਡ ਹੋ ਗਈ ਸੀ।