December 3, 2023
India Sports

ਜੰਤਰ-ਮੰਤਰ ਵਿਖੇ ਧਰਨਾ ਦੇ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਹੋਇਆ ਦੰਗਲ, ਪੁਲਿਸ ‘ਤੇ ਲੱਗੇ ਕੁੱਟਮਾਰ ਦੇ ਇਲਜ਼ਾਮ

ਦੇਸ਼ ਦੇ ਚੋਟੀ ਦੇ ਪਹਿਲਵਾਨ ਜਿਨਸੀ ਸ਼ੋਸ਼ਣ ਅਤੇ ਡਰਾਉਣ-ਧਮਕਾਉਣ ਦੇ ਦੋਸ਼ਾਂ ’ਚ ਘਿਰੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈਕੇ ਲਗਾਤਾਰ ਜੰਤਰ-ਮੰਤਰ ਵਿਖੇ ਧਰਨਾ-ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਬੀਤੀ ਦੇਰ ਰਾਤ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਅਤੇ ਕੁਝ ਪੁਲਿਸ ਮੁਲਾਜ਼ਮਾਂ ਵਿਚਾਲੇ ਹੱਥੋਪਾਈ ਹੋਣ ਦੀ ਖ਼ਬਰ ਸਾਹਮਣੇ ਆਈ, ਜਿਸ ਕਾਰਨ ਕੁਝ ਪ੍ਰਦਰਸ਼ਨਕਾਰੀਆਂ ਨੂੰ ਸੱਟਾਂ ਲੱਗੀਆਂ ਅਤੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ।

ਇਸ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੋਮਨਾਥ ਭਾਰਤੀ ਸਮੇਤ 3 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸੋਮਨਾਥ ਭਾਰਤੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ’ਤੇ ਅਸੀਂ ਪ੍ਰਦਰਸ਼ਨ ਵਾਲੀ ਥਾਂ ’ਤੇ ਫੋਲਡਿੰਗ ਬੈੱਡ ਭੇਜਣ ਦਾ ਫੈਸਲਾ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਛੋਟੀ ਜਿਹੀ ਮਦਦ ਪਹਿਲਵਾਨਾਂ ਲਈ ਇਸ ਔਖੇ ਸਮੇਂ ਨੂੰ ਥੋੜ੍ਹਾ ਆਸਾਨ ਬਣਾ ਦੇਵੇਗੀ। ਪਰ ਇਸ ਦੌਰਾਨ ਪੁਲਿਸ ਚੌਕੀ ਵਾਲੀ ਥਾਂ ‘ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੱਥੋਪਾਈ ਵੀ ਹੋਈ।  ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਪਲਬਧ ਇਕ ਵੀਡੀਓ ’ਚ ਕੁਝ ਪ੍ਰਦਰਸ਼ਨਕਾਰੀਆਂ ਨੂੰ ਇਕ ਪੁਲਸ ਮੁਲਾਜ਼ਮ ’ਤੇ ਦੋਸ਼ ਲਾਉਂਦਿਆਂ ਸੁਣਿਆ ਜਾ ਸਕਦਾ ਹੈ ਕਿ ਉਸ ਨੇ ਸ਼ਰਾਬ ਦੇ ਨਸ਼ੇ ’ਚ ਦੋ ਪਹਿਲਵਾਨਾਂ ’ਤੇ ਹਮਲਾ ਕੀਤਾ। ਵੀਡੀਓ ’ਚ ਦੋਸ਼ੀ ਪੁਲਸ ਮੁਲਾਜ਼ਮ ਬੈਠਾ ਨਜ਼ਰ ਆ ਰਿਹਾ ਹੈ ਜਦਕਿ ਪ੍ਰਦਰਸ਼ਨਕਾਰੀ ਦੋਸ਼ ਲਾ ਰਹੇ ਹਨ ਕਿ ਹੋਰ ਪੁਲਸ ਮੁਲਾਜ਼ਮ ਮੂਕ ਦਰਸ਼ਕ ਬਣੇ ਹੋਏ ਹਨ।

ਸਾਬਕਾ ਪਹਿਲਵਾਨ ਰਾਜਵੀਰ ਨੇ ਦੱਸਿਆ ਕਿ ਬਾਰਿਸ਼ ਕਾਰਨ ਗੱਦੇ ਗਿੱਲੇ ਹੋ ਗਏ ਸਨ, ਇਸ ਲਈ ਅਸੀਂ ਸੌਣ ਲਈ ਫੋਲਡਿੰਗ ਬੈੱਡ ਲਾ ਰਹੇ ਸੀ ਪਰ ਪੁਲਸ ਨੇ ਇਜਾਜ਼ਤ ਨਹੀਂ ਦਿੱਤੀ। ਸ਼ਰਾਬੀ ਪੁਲਸ ਮੁਲਾਜ਼ਮ ਧਰਮਿੰਦਰ ਨੇ ਵਿਨੇਸ਼ ਫੋਗਾਟ ਨਾਲ ਬਦਸਲੂਕੀ ਕੀਤੀ ਅਤੇ ਸਾਡੇ ਨਾਲ ਕੁੱਟ-ਮਾਰ ਕੀਤੀ। ਉਨ੍ਹਾਂ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਜਰੰਗ ਪੂਨੀਆ ਦੇ ਰਿਸ਼ਤੇਦਾਰ ਦੁਸ਼ਯੰਤ ਅਤੇ ਰਾਹੁਲ ਦੇ ਸਿਰ ’ਤੇ ਸੱਟ ਲੱਗੀ ਹੈ। ਪੁਲਸ ਨੇ ਡਾਕਟਰਾਂ ਨੂੰ ਵੀ ਮੌਕੇ ’ਤੇ ਨਹੀਂ ਆਉਣ ਦਿੱਤਾ। ਇੱਥੋਂ ਤੱਕ ਕਿ ਮਹਿਲਾ ਕਾਂਸਟੇਬਲ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ। ਫੋਗਾਟ ਨੇ ਕਿਹਾ, “ਮੇਰੇ ਨਾਲ ਪੁਲਸ ਵਾਲਿਆਂ ਨੇ ਦੁਰਵਿਵਹਾਰ ਕੀਤਾ ਅਤੇ ਕੁੱਟ-ਮਾਰ ਕੀਤੀ। ਮਹਿਲਾ ਪੁਲਸ ਮੁਲਾਜ਼ਮ ਕਿੱਥੇ ਹਨ?” ਪੂਨੀਆ ਦੀ ਪਤਨੀ ਸੰਗੀਤਾ ਨੇ ਵੀ ਦੋਸ਼ ਲਾਇਆ ਕਿ ਪੁਲਸ ਵਾਲਿਆਂ ਨੇ ਉਸ ਨੂੰ ਧੱਕਾ ਦਿੱਤਾ। ਪੂਨੀਆ ਨੇ ਕਿਸਾਨਾਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਵੀਰਵਾਰ ਸਵੇਰੇ ਧਰਨੇ ਵਾਲੀ ਥਾਂ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਦਿੱਲੀ ਪੁਲਸ ਦੀ ਗੁੰਡਾਗਰਦੀ ਹੁਣ ਕੰਮ ਨਹੀਂ ਕਰੇਗੀ। ਅਸੀਂ ਕਿਸਾਨਾਂ ਨੂੰ ਇੱਥੇ ਵੱਡੀ ਗਿਣਤੀ ’ਚ ਇਕੱਠੇ ਹੋਣ ਲਈ ਬੁਲਾਵਾਂਗੇ। ਅਸੀਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰਾਂਗੇ। ਟਰੈਕਟਰ ਹੋਵੇ ਜਾਂ ਟਰਾਲੀ, ਜੋ ਵੀ ਮਿਲ ਜਾਵੇ, ਆ ਜਾਓ।

ਪੁਲਸ ਦੇ ਡਿਪਟੀ ਕਮਿਸ਼ਨਰ (ਨਵੀਂ ਦਿੱਲੀ) ਪ੍ਰਣਵ ਤਾਇਲ ਨੇ ਕਿਹਾ ਕਿ ਭਾਰਤੀ ਬਿਨਾਂ ਇਜਾਜ਼ਤ ਤੋਂ ਫੋਲਡਿੰਗ ਬੈੱਡ ਲੈ ਕੇ ਪ੍ਰਦਰਸ਼ਨ ਵਾਲੀ ਥਾਂ ’ਤੇ ਆਏ ਸਨ। ਤਾਇਲ ਨੇ ਕਿਹਾ ਕਿ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਭਾਰਤੀ ਦੇ ਸਮਰਥਕ ਹਮਲਾਵਰ ਹੋ ਗਏ ਅਤੇ ਉਹ ਟਰੱਕ ’ਚੋਂ ਬੈੱਡ ਲਾਹੁਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਤੋਂ ਬਾਅਦ ਮਾਮੂਲੀ ਝਗੜਾ ਹੋਇਆ ਅਤੇ ਭਾਰਤੀ ਅਤੇ ਦੋ ਹੋਰਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਇਕ ਹੋਰ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਇਕ ਪੁਲਸ ਕਰਮਚਾਰੀ ਨੂੰ ਗਲਤ ਤਰੀਕੇ ਨਾਲ ਰੋਕਿਆ ਅਤੇ ਉਸ ’ਤੇ ਸ਼ਰਾਬੀ ਹੋਣ ਦਾ ਦੋਸ਼ ਲਗਾਇਆ, ਜਦਕਿ ਉਹ ਸ਼ਰਾਬੀ ਨਹੀਂ ਸੀ। ਪੁਲਸ ਮੁਲਾਜ਼ਮ ਮੌਕੇ ‘ਤੇ ਮੌਜੂਦ ਹਨ ਅਤੇ ਸਥਿਤੀ ਹੁਣ ਕਾਬੂ ਹੇਠ ਹੈ। ਪ੍ਰਦਰਸ਼ਨਕਾਰੀਆਂ ’ਚੋਂ ਕਿਸੇ ਦੀ ਵੀ ਕੁੱਟ-ਮਾਰ ਨਹੀਂ ਕੀਤੀ ਗਈ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X