ਜੰਮੂ-ਕਸ਼ਮੀਰ ‘ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਪੁੰਛ-ਜੰਮੂ ਨੈਸ਼ਨਲ ਹਾਈਵੇਅ ‘ਤੇ ਭਾਰਤੀ ਫ਼ੌਜ ਦੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ 4 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਸੂਚਨਾ ਮਿਲਦੇ ਹੀ ਫ਼ੌਜ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ। ਇਸ ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਫ਼ੌਜ ਦੇ ਟਰੱਕ ਨੂੰ ਅੱਗ ਲੱਗੀ ਨਜ਼ਰ ਆ ਰਹੀ ਹੈ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਅੱਗ ਆਸਮਾਨੀ ਬਿਜਲੀ ਕਾਰਨ ਲੱਗੀ ਹੋ ਸਕਦੀ ਹੈ, ਹਾਲਾਂਕਿ ਸਹੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਫਿਲਹਾਲ ਇਸ ਹਾਦਸੇ ‘ਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ ਨੂੰ ਲੈ ਕੇ ਫੌਜ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਜਵਾਨਾਂ ਦੀ ਗੱਡੀ ‘ਚ ਅੱਗ ਲੱਗਣ ਦੇ ਪਿੱਛੇ ਅੱਤਵਾਦੀਆਂ ਦੀ ਸਾਜ਼ਿਸ਼ ਹੈ ਜਾਂ ਫਿਰ ਇਹ ਇਕ ਹਾਦਸਾ ਹੈ, ਇਹ ਅਜੇ ਸਾਫ ਨਹੀਂ ਹੋ ਸਕਿਆ ਹੈ। ਸੂਤਰਾਂ ਮੁਤਾਬਕ ਫੌਜ ਦਾ ਟਰੱਕ ਪੁੰਛ-ਜੰਮੂ ਹਾਈਵੇਅ ਤੋਂ ਲੰਘ ਰਿਹਾ ਸੀ। ਇਸੇ ਦੌਰਾਨ ਸ਼ੱਕੀ ਹਾਲਾਤਾਂ ਵਿਚ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਹੋ ਗਈ ਸੀ ਕਿ ਟਰੱਕ ‘ਚ ਸਵਾਰ ਜਵਾਨ ਬੁਰੀ ਤਰ੍ਹਾਂ ਸੜ ਗਏ।