ਬੀਤੇ ਕੱਲ੍ਹ ਜੰਮੂ-ਕਸ਼ਮੀਰ ਦੇ ਪੁੰਛ ਵਿਚ ਫੌਜੀ ਜਵਾਨਾਂ ਦੇ ਟਰੱਕ ਨਾਲ ਹੋਇਆ ਹਾਦਸਾ ਸਿਰਫ਼ ਇਕ ਹਾਦਸਾ ਨਹੀਂ ਬਲਕਿ ਇਕ ਅੱਤਵਾਦੀ ਹਮਲਾ ਸੀ। ਦਸ ਦਈਏ ਕਿ ਇਸ ਅੱਤਵਾਦੀ ਹਮਲੇ ਤੋਂ ਬਾਅਦ ਫ਼ੌਜ ਦੇ ਵਾਹਨ ਵਿਚ ਅੱਗ ਲੱਗਣ ਨਾਲ 5 ਜਵਾਨ ਸ਼ਹੀਦ ਹੋ ਗਏ ਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਸਲ ਹੋਈ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਹੈ ਕਿ 5 ਵਿਚੋਂ 4 ਜਵਾਨ ਪੰਜਾਬ ਸੂਬੇ ਦੇ ਰਹਿਣ ਵਾਲੇ ਸਨ ਜਿਸ ਕਾਰਨ ਸੂਬੇ ਵਿਚ ਸੋਗ ਦੀ ਲਹਿਰ ਦੋੜ ਗਈ ਹੈ।
ਫ਼ੌਜ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਰੇ 5 ਜਵਾਨ ਰਾਸ਼ਟਰੀ ਰਾਈਫਲਸ ਯੂਨਿਟ ਦੇ ਸਨ ਤੇ ਇਲਾਕੇ ਵਿਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਕੀਤੇ ਗਏ ਸਨ। ਫ਼ੌਜ ਦੇ ਮੁੱਖ ਜਨਰਲ ਮਨੋਜ ਪਾਂਡੇ ਨੇ ਇਸ ਘਟਨਾ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਜਾਣਕਾਰੀ ਦਿੱਤੀ ਹੈ। ਫ਼ੌਜ ਨੇ ਕਿਹਾ ਕਿ ਜਿਸ ਵਾਹਨ ਵਿਚ ਜਵਾਨ ਯਾਤਰਾ ਕਰ ਰਹੇ ਸਨ, ਉਹ ਅਣਪਛਾਤੇ ਅੱਤਵਾਦੀਆਂ ਦੇ ਹਮਲੇ ਦੀ ਲਪੇਟ ਵਿਚ ਆ ਗਿਆ ਤੇ ਗ੍ਰੇਨੇਡ ਦੀ ਸੰਭਾਵਿਤ ਵਰਤੋਂ ਕਾਰਨ ਉਸ ਵਿਚ ਅੱਗ ਲੱਗ ਗਈ।
ਫ਼ੌਜ ਨੇ ਬਿਆਨ ਵਿਚ ਕਿਹਾ, “ਦੁਪਹਿਰ 3 ਵਜੇ ਦੇ ਕਰੀਬ ਰਾਜੌਰੀ ਸੈਕਟਰ ਵਿਚ ਭੀਂਬਰ ਗਲੀ ਤੇ ਪੁੰਛ ਵਿਚਾਲੇ ਫ਼ੌਜ ਦੇ ਇਕ ਵਾਹਨ ਵਿਚ ਭਾਰੀ ਬਾਰਿਸ਼ ਤੇ ਘੱਟ ਵਿਜ਼ਿਬਿਲਟੀ ਦਾ ਫ਼ਾਇਦਾ ਚੁੱਕਦਿਆਂ ਅੱਤਵਾਦੀਆਂ ਨੇ ਗੋਲ਼ੀਬਾਰੀ ਕੀਤੀ। ਅੱਤਵਾਦੀਆਂ ਵੱਲੋਂ ਸੰਭਾਵਤ ਤੌਰ ‘ਤੇ ਗ੍ਰੈਨੇਡ ਸੁੱਟੇ ਜਾਣ ਕਾਰਨ ਵਾਹਨ ਵਿਚ ਅੱਗ ਲੱਗ ਗਈ।” ਬਿਆਨ ਵਿਚ ਕਿਹਾ ਗਿਆ ਕਿ ਇਸ ਖੇਤਰ ਵਿਚ ਅੱਤਵਾਦ ਰੋਕੂ ਮੁਹਿੰਮਾਂ ਲਈ ਤਾਇਨਾਤ ਰਾਸ਼ਟਰੀ ਰਾਈਫਲਸ ਯੂਨਿਟ ਦੇ 5 ਮੁਲਾਜ਼ਮਾਂ ਦੀ ਇਸ ਘਟਨਾ ਵਿਚ ਮੌਤ ਹੋ ਗਈ।
ਫ਼ੌਜ ਮੁਤਾਬਕ ਇਕ ਹੌਰ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਤੁਰੰਤ ਰਾਜੌਰੀ ਦੇ ਮਿਲਿਟਰੀ ਹਸਪਤਾਲ ਲਿਜਾਇਆ ਗਿਆ। ਫ਼ੌਜ ਨੇ ਕਿਹਾ ਕਿ ਅੱਤਵਾਦੀਆਂ ਨੂੰ ਫੜਣ ਲਈ ਮੁਹਿੰਮ ਜਾਰੀ ਹੈ। ਪਹਿਲੇ ਦੇ ਬਿਆਨ ਵਿਚ ਫ਼ੌਜ ਨੇ ਕਿਹਾ ਸੀ ਕਿ ਫ਼ੌਜ ਦੇ ਇਕ ਵਾਹਨ ਵਿਚ ਅੱਗ ਲੱਗਣ ਨਾਲ ਜਵਾਨਾਂ ਦੀ ਮੌਤ ਹੋ ਗਈ।
ਇਸ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਲਿਖਿਆ, “ਰਾਸ਼ਟਰੀ ਰਾਈਫਲਜ਼ ਦੇ 5 ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ‘ਚ 4 ਜਵਾਨ ਪੰਜਾਬ ਤੋਂ ਸਨ, ਜੋ ਕਿ ਅੱਤਵਾਦੀ ਹਮਲੇ ‘ਚ ਸ਼ਹੀਦ ਹੋ ਗਏ। ਸਰਹੱਦਾਂ ਦੇ ਰਖਵਾਲੇ ਅਮਰ ਰਹਿਣ। ਉਨ੍ਹਾਂ ਨੇ ਅਰਦਾਸ ਕੀਤੀ ਕਿ ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ਣ। ਪ੍ਰਣਾਮ ਸ਼ਹੀਦਾਂ ਨੂੰ।”