ਟਵਿੱਟਰ ਦੇ ਸੀ.ਈ.ਓ. ਐਲਨ ਮਸਕ ਵਲੋਂ ਹੁਣ ਇਕ ਟਵਿੱਟਰ ਵਿਚ ਇਕ ਹੋਰ ਤਬਦੀਲੀ ਕੀਤੀ ਗਈ ਹੈ। ਦਸ ਦਈਏ ਕਿ ਹੁਣ ਤੱਕ ਤੁਸੀਂ ਟਵਿੱਟਰ ਦਾ ਲੋਗੋ Blue Bird ਯਾਨੀ (ਚਿੜੀ) ਵੇਖਦੇ ਸੀ ਪਰ ਹੁਣ ਤੁਸੀਂ Blue Bird ਦੀ ਥਾਂ ਡੌਜ (Doge) ਵੇਖੋਗੇ। ਦਰਅਸਲ, ਐਲਨ ਮਸਕ ਨੇ ਹੁਣ ਟਵਿੱਟਰ ਦਾ ਲੋਗੋ ਬਦਲ ਦਿੱਤਾ ਹੈ। ਇਸ ਨੂੰ ਬਦਲ ਕੇ ਡੌਜ (Doge) ਕਰ ਦਿੱਤਾ ਗਿਆ ਹੈ। ਕੰਪਨੀ ਨੇ ਸੋਮਵਾਰ ਰਾਤ ਨੂੰ ਆਪਣੇ ਲੋਗੋ ‘ਚ ਇਹ ਬਦਲਾਅ ਕੀਤਾ ਹੈ। ਇਸ ਦੇ ਨਾਲ ਡੌਜਕੁਆਇਨ (Dogecoin) ਦੀ ਕੀਮਤ 8 ਫ਼ੀਸਦੀ ਤੱਕ ਵਧ ਗਈ ਹੈ।
ਕਾਬਿਲੇਗੌਰ ਹੈ ਕਿ, ਐਲਨ ਮਸਕ ਅਕਤੂਬਰ 2022 ਵਿੱਚ 44 ਬਿਲੀਅਨ ਡਾਲਰ ਦੇ ਸੌਦੇ ਨਾਲ ਟਵਿੱਟਰ ਦੇ ਮਾਲਕ ਬਣੇ ਸਨ। ਇਸ ਤੋਂ ਬਾਅਦ ਕੰਪਨੀ ‘ਚ ਕਈ ਬਦਲਾਅ ਕੀਤੇ ਗਏ ਹਨ। ਹਾਲ ਹੀ ‘ਚ ਇਹ ਸੋਸ਼ਲ ਮੀਡੀਆ ਪਲੇਟਫਾਰਮ ਪੇਡ ਟਵਿੱਟਰ ਬਲੂ ਸਬਸਕ੍ਰਿਪਸ਼ਨ ਨੂੰ ਲੈ ਕੇ ਚਰਚਾ ‘ਚ ਸੀ ਅਤੇ ਹੁਣ ਲੋਗੋ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਟਵਿੱਟਰ ਦਾ ਲੋਗੋ ਬਦਲਣ ‘ਤੇ ਯੂਜ਼ਰਸ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਇਕ ਪਾਸੇ ਜਿੱਥੇ ਕਈ ਯੂਜ਼ਰਸ ਐਲਨ ਮਸਕ ਦੇ ਇਸ ਕਾਰਨਾਮੇ ਤੋਂ ਹੈਰਾਨ ਹਨ ਤਾਂ ਉਥੇ ਹੀ ਦੂਜੇ ਪਾਸੇ ਕੁਝ ਲੋਕ ਇਸ ਨੂੰ ‘ਪ੍ਰੈਂਕ’ ਵੀ ਸਮਝ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਇਹ ਵੀ ਸਵਾਲ ਕਰ ਰਹੇ ਹਨ ਕਿ ਕੀ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਦੱਸ ਦੇਈਏ ਕਿ ਐਲਨ ਮਸਕ ਸ਼ੁਰੂ ਤੋਂ ਹੀ Dogecoin ਦੇ ਸਮਰਥਕ ਰਹੇ ਹਨ, ਜੋ ਕਿ ਇਕ ਮੀਮ ਕ੍ਰਿਪਟੋਕਰੰਸੀ ਹੈ। ਇਸ ਦੇ ਲੋਗੋ ਵਿੱਚ ਦਿਖਾਈ ਦੇਣ ਵਾਲਾ ਕੁੱਤਾ ਸ਼ਿਬਾ ਇਨੂ ਪ੍ਰਜਾਤੀ ਦਾ ਹੈ।
ਵਰਤਮਾਨ ‘ਚ ਐਲਨ ਮਸਕ ਡੌਜਕੁਆਇਨ ਦੇ ਸਬੰਧ ਵਿੱਚ $ 258 ਮਿਲੀਅਨ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਦੋਸ਼ ਹੈ ਕਿ ਮਸਕ ਨੇ ਡੌਜਕੁਆਇਨ ਨੂੰ ਉਤਸ਼ਾਹਿਤ ਕਰਨ ਲਈ ਇਕ ਪਿਰਾਮਿਡ ਸਕੀਮ ਚਲਾਈ ਸੀ। ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੇ ਵਕੀਲਾਂ ਨੇ ਫਾਈਲਿੰਗ ਵਿੱਚ ਮਸਕ ਦੇ ਟਵੀਟ ਨੂੰ ਇਕ ਮਜ਼ਾਕ ਦੱਸਿਆ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਕੀਲਾਂ ਨੂੰ ਅਦਾਲਤ ਵੱਲੋਂ ਮਸਕ ਦੇ ਟਵੀਟ ਦਾ ਬਚਾਅ ਕਰਨਾ ਪਿਆ ਹੋਵੇ।