ਖੇਡ ਜਗਤ ਨਾਲ ਜੁੜੀ ਇਸ ਵੇਲੇ ਦੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਦਸ ਦਈਏ ਕਿ ਭਾਰਤੀ ਟੈਨਿਸ ਖਿਡਾਰਣ ਸਾਨੀਆ ਮਿਰਜ਼ਾ ਜਲਦ ਟੈਨਿਸ ਤੋਂ ਸੰਨਿਆਸ ਲੈ ਰਹੀ ਹੈ। ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ ਟੂਰਨਾਮੈਂਟ ਤੋਂ ਬਾਅਦ ਸਾਨੀਆ ਮਿਰਜ਼ਾ ਟੈਨਿਸ ਨੂੰ ਅਲਵਿਦਾ ਕਹਿ ਦੇਵੇਗੀ। ਦੁਬਈ ਡਿਊਟੀ ਚੈਂਪੀਅਨਸ਼ਿਪ ਟੂਰਨਾਮੈਂਟ ਅਗਲੇ ਮਹੀਨੇ ਖੇਡਿਆ ਜਾਵੇਗਾ। ਦਰਅਸਲ, ਸਾਨੀਆ ਮਿਰਜ਼ਾ ਨੇ ਪਿਛਲੇ ਸਾਲ ਯੂਐਸ ਓਪਨ ਤੋਂ ਬਾਅਦ ਪ੍ਰੋਫੈਸ਼ਨਲ ਟੈਨਿਸ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਸੀ, ਪਰ ਉਹ ਸੱਟ ਕਾਰਨ ਟੂਰਨਾਮੈਂਟ ਵਿੱਚ ਨਹੀਂ ਖੇਡ ਸਕੀ ਸੀ, ਜਿਸ ਤੋਂ ਬਾਅਦ ਉਸਨੇ ਸੰਨਿਆਸ ਦਾ ਫੈਸਲਾ ਬਦਲ ਲਿਆ ਸੀ। ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ ਸ਼ਾਨਦਾਰ ਰਿਹਾ ਹੈ। ਇਸ ਖਿਡਾਰੀ ਨੇ ਟੈਨਿਸ ਕੋਰਟ ‘ਤੇ ਕਈ ਖਿਤਾਬ ਜਿੱਤੇ ਹਨ।
ਸਾਨੀਆ ਮਿਰਜ਼ਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਇਸ ਭਾਰਤੀ ਟੈਨਿਸ ਸਟਾਰ ਨੇ ਆਪਣੇ ਪੇਸ਼ੇਵਰ ਕਰੀਅਰ ਵਿੱਚ 6 ਵੱਡੀਆਂ ਚੈਂਪੀਅਨਸ਼ਿਪਾਂ ਜਿੱਤੀਆਂ ਹਨ। ਸਾਨੀਆ ਮਿਰਜ਼ਾ ਨੇ 3 ਵਾਰ ਡਬਲਜ਼ ਅਤੇ 3 ਵਾਰ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਹੈ। ਇਸ ਮਹੀਨੇ ਆਸਟਰੇਲੀਅਨ ਓਪਨ ਵਿੱਚ ਸਾਨੀਆ ਮਿਰਜ਼ਾ ਆਪਣੀ ਕਜ਼ਾਕਿਸਤਾਨ ਦੀ ਜੋੜੀਦਾਰ ਅੰਨਾ ਡੈਨੀਲੀਆ ਨਾਲ ਕੋਰਟ ‘ਤੇ ਪੇਸ਼ ਹੋਵੇਗੀ। ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਪਿਛਲੇ ਲਗਭਗ 10 ਸਾਲਾਂ ਤੋਂ ਦੁਬਈ ‘ਚ ਰਹਿ ਰਹੀ ਹੈ। ਸਾਨੀਆ ਮਿਰਜ਼ਾ ਦੀ ਦੁਬਈ ‘ਚ ਕਾਫੀ ਫੈਨ ਫਾਲੋਇੰਗ ਹੈ। ਇਸ ਤਰ੍ਹਾਂ ਸਾਨੀਆ ਮਿਰਜ਼ਾ ਆਪਣੇ ਪ੍ਰਸ਼ੰਸਕਾਂ ਵਿਚਕਾਰ ਆਪਣੇ ਟੈਨਿਸ ਕਰੀਅਰ ਨੂੰ ਅਲਵਿਦਾ ਕਹਿ ਦੇਵੇਗੀ।
ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਤਲਾਕ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ ਨੇ ਪਿਛਲੇ ਦਿਨੀਂ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਬੇਟੇ ਇਜ਼ਹਾਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਲੋਕਾਂ ਨੂੰ ਨਵੇਂ ਸਾਲ 2023 ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਉਨ੍ਹਾਂ ਨੇ ਇਸ ਫੋਟੋ ਦੇ ਕੈਪਸ਼ਨ ‘ਚ ਲਿਖਿਆ ਕਿ ਮੇਰੇ ਕੋਲ ਇਸ ਸਾਲ 2022 ਲਈ ਕੋਈ ਵੱਡਾ ਜਾਂ ਡੂੰਘਾ ਕੈਪਸ਼ਨ ਨਹੀਂ ਹੈ। ਹਾਲਾਂਕਿ ਮੇਰੇ ਕੋਲ ਕੁਝ ਖੂਬਸੂਰਤ ਸੈਲਫੀਜ਼ ਹਨ, ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ, ਇਹ ਸਾਲ 2022 ਮੇਰੇ ਲਈ ਬਹੁਤਾ ਚੰਗਾ ਨਹੀਂ ਰਿਹਾ ਪਰ ਅੰਤ ਵਿੱਚ ਸਭ ਠੀਕ ਹੈ।