ਡੇਰਾ ਬਿਆਸ ਨੇ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਸੀਬਤ ਵਿੱਚੋਂ ਕੱਢਣ ਲਈ 2 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਡੇਰਾ ਬਿਆਸ ਦੇ ਵਫ਼ਦ ਨੇ ਮੁੱਖ ਮੰਤਰੀ ਰਾਹਤ ਫੰਡ ਲਈ 2 ਕਰੋੜ ਰੁਪਏ ਦਾ ਚੈੱਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਿਆ। ਸੀਐਮ ਮਾਨ ਨੇ ਡੇਰਾ ਬਿਆਸ ਦੇ ਲੋਕਾਂ ਦੀ ਮੁਸ਼ਕਲ ਸਮੇਂ ਵਿੱਚ ਮਦਦ ਲਈ ਅੱਗੇ ਆਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਲੋਕਾਂ ਵੱਲੋਂ ਪਾਏ ਯੋਗਦਾਨ ਦਾ ਇੱਕ-ਇੱਕ ਪੈਸਾ ਪੀੜਤਾਂ ਨੂੰ ਰਾਹਤ ਵਜੋਂ ਭੇਜਿਆ ਜਾਵੇਗਾ। CM ਨੇ ਟਵੀਟ ਜਾਰੀ ਕਰਦਿਆਂ ਲਿਖਿਆ, “ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਲਗਾਤਾਰ ਲੋਕ ਅੱਗੇ ਆ ਰਹੇ ਹਨ। ਅੱਜ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ 2 ਕਰੋੜ ਰੁਪਏ ਦੀ ਮਦਦ ਰਾਸ਼ੀ CM ਰਿਲੀਫ਼ ਫੰਡ ਲਈ ਦਿੱਤੀ ਗਈ। ਮਾਨਵਤਾ ਦੀ ਸੇਵਾ ਲਈ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ। ਲੋਕਾਂ ਦੀ ਮਦਦ ਨਾਲ ਅਸੀਂ ਲਗਾਤਾਰ ਅੱਗੇ ਵਧ ਰਹੇ ਹਾਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਰਕਾਰ ਵਚਨਬੱਧ ਹੈ।”
ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਮਾਨ ਨੇ ਇਕ ਹੋਰ ਟਵੀਟ ਕਰਦਿਆਂ ਸੂਬਾ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਸੂਬੇ ‘ਚ ਸਥਿਤੀ ਪੂਰੀ ਕੰਟਰੋਲ ਵਿਚ ਹੈ। ਉਹਨਾਂ ਲਿਖਿਆ, “ਪੰਜਾਬ ਵਿੱਚ ਹੜ੍ਹ ਦੀ ਸਥਿਤੀ ਬਿਲਕੁੱਲ ਕੰਟਰੋਲ ਵਿੱਚ ਹੈ। ਮੈਂ ਖੁਦ ਅਤੇ ਮੇਰੇ ਅਫਸਰ ਹਿਮਾਚਲ ਸਰਕਾਰ ਅਤੇ BBMB ਨਾਲ ਹਰ ਵਕਤ ਸੰਪਰਕ ਵਿੱਚ ਹਾਂ। ਪੌਂਗ ਅਤੇ ਰਣਜੀਤ ਸਾਗਰ ਡੈਮ ਕੰਟਰੋਲ ‘ਚ ਹਨ। ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨੀ ਸਾਡਾ ਫਰਜ਼ ਹੈ। ਕੁਦਰਤੀ ਆਫ਼ਤ ਹੈ ਸਭ ਮਿਲ ਕੇ ਇਸਦਾ ਸਾਹਮਣਾ ਕਰਾਂਗੇ। ਲੋਕਾਂ ਦੀ ਸਰਕਾਰ ਲੋਕਾਂ ਦੇ ਨਾਲ।”
ਜ਼ਿਕਰਯੋਗ ਹੈ ਕਿ ਪੌਂਗ ਡੈਮ ਅਤੇ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਦੇ ਨਾਲ ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਦੇ ਮੰਤਰੀ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਸੀਐਮ ਮਾਨ ਵੀ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਪੰਜਾਬ ਦੇ ਚਾਰ ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਕਪੂਰਥਲਾ ਦੇ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਸਤਲੁਜ ‘ਤੇ ਭਾਖੜਾ ਡੈਮ ਅਤੇ ਬਿਆਸ ਦਰਿਆ ‘ਤੇ ਪੌਂਗ ਡੈਮ ਤੋਂ ਫਲੱਡ ਗੇਟ ਖੋਲ੍ਹਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਅਗਲੇ 5 ਦਿਨਾਂ ਤੱਕ ਭਾਖੜਾ ਡੈਮ ਦੇ ਫਲੱਡ ਗੇਟ 8-8 ਫੁੱਟ ਖੁੱਲ੍ਹੇ ਰੱਖੇ ਜਾਣਗੇ। ਜਿੱਥੇ ਮੰਗਲਵਾਰ ਨੂੰ 35 ਸਾਲਾਂ ਬਾਅਦ ਭਾਖੜਾ ਡੈਮ ਦੇ ਫਲੱਡ ਗੇਟ 10-10 ਫੁੱਟ ਖੋਲ੍ਹਣੇ ਪਏ ਹਨ, ਉਥੇ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦਾ ਲਗਾਤਾਰ ਖਤਰਾ ਬਣਿਆ ਹੋਇਆ ਹੈ।