ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨ ਦੀ ਪੈਰੋਲ ਕੱਟ ਕੇ ਇਕ ਵਾਰ ਮੁੜ ਤੋਂ ਸੁਨਾਰੀਆ ਜੇਲ੍ਹ ਪਹੁੰਚ ਗਿਆ ਹੈ। ਤੁਹਾਨੂੰ ਦਸ ਦਈਏ ਕਿ 15 ਅਕਤੂਬਰ ਨੂੰ ਰਾਮ ਰਹੀਮ 40 ਦਿਨ ਦੀ ਪੈਰੋਲ ’ਤੇ ਜੇਲ੍ਹ ਵਿਚੋਂ ਬਾਹਰ ਆਇਆ ਸੀ ਅਤੇ ਹੁਣ ਸ਼ੁੱਕਰਵਾਰ ਨੂੰ ਮਿਆਦ ਖ਼ਤਮ ਹੋਣ ਕਾਰਨ ਸਵੇਰੇ ਡੀ. ਐੱਸ. ਪੀ. ਹੈੱਡਕੁਆਰਟਰ ਡਾ. ਰਵਿੰਦਰ ਦੀ ਅਗਵਾਈ ‘ਚ ਪੁਲਸ ਟੀਮ ਬਾਗਪਤ ਆਸ਼ਰਮ ਪੁੱਜੀ ਅਤੇ ਰਾਮ ਰਹੀਮ ਨੂੰ ਸਖਤ ਸੁਰੱਖਿਆ ਦਰਮਿਆਨ ਸੁਨਾਰੀਆ ਜੇਲ੍ਹ ਲਿਆਂਦਾ ਗਿਆ।
ਸ਼ਾਮ ਨੂੰ ਕਰੀਬ 5 ਵਜੇ 4 ਗੱਡੀਆਂ ਦਾ ਕਾਫਿਲਾ ਸੁਨਾਰੀਆ ਜੇਲ੍ਹ ਦੇ ਗੇਟ ’ਤੇ ਪੁੱਜਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਮ ਰਹੀਮ ਤੋਂ ਇਲਾਵਾ ਉਨ੍ਹਾਂ ਦੀ ਕਾਰ ਵਿਚ ਹਨੀਪ੍ਰੀਤ ਅਤੇ ਪ੍ਰੀਤਮ ਸਿੰਘ ਬੈਠੇ ਵਿਖਾਈ ਦਿੱਤੇ ਸਨ। ਨਿਯਮਾਂ ਤਹਿਤ ਰਾਮ ਰਹੀਮ ਦੀ ਤਲਾਸ਼ੀ ਲਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ ਦੀ ਬੈਰਕ ਅੰਦਰ ਲਿਜਾਇਆ ਗਿਆ। ਹਾਸਲ ਹੋਈ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਹਨੀਪ੍ਰੀਤ ਰਾਮ ਰਹੀਮ ਨੂੰ ਜੇਲ ਦੇ ਗੇਟ ਤੱਕ ਛੱਡ ਕੇ ਆਈ ਹੈ।