ਸ਼ਾਹਜਹਾਂਪੁਰ: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਸਤਿਸੰਗ ਪ੍ਰੋਗਰਾਮ ’ਚ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਅਤੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਹੰਗਾਮਾ ਕਰਦੇ ਹੋਏ ਬੈਨਰ ਫਾੜ ਦਿੱਤੇ। ਬਾਅਦ ’ਚ ਪੁਲਿਸ ਨੇ ਇਜਾਜ਼ਤ ਪੱਤਰ ਨਾ ਦਿਖਾ ਸਕਣ ’ਤੇ ਡੇਰਾ ਮੁਖੀ ਰਾਮ ਰਹੀਮ ਦੇ ਸਤਿਸੰਗ ਪ੍ਰੋਗਰਾਮ ਨੂੰ ਬੰਦ ਕਰਵਾ ਦਿੱਤਾ।ਪੁਲਿਸ ਅਧਿਕਾਰੀ ਅਖੰਡ ਪ੍ਰਤਾਪ ਸਿੰਘ ਨੇ ਨੂੰ ਦੱਸਿਆ ਕਿ ਰੋਜਾ ਥਾਣਾ ਇਲਾਕੇ ਸਥਿਤ ਇਕ ਮੈਰਿਜ ਹਾਲ ਦੇ ਲਾਅਨ ’ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਸਤਿਸੰਗ ਚੱਲ ਰਿਹਾ ਸੀ ਅਤੇ ਇਸ ਦਰਮਿਆਨ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਅਤੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਹੰਗਾਮਾ ਕਰਦੇ ਹੋਏ ਬੈਨਰ ਫਾੜ ਦਿੱਤੇ।
ਇਸ ਦੌਰਾਨ ਵਿਹਿਪ ਨੇਤਾ ਰਾਜੇਸ਼ ਅਵਸਥੀ ਆਪਣੇ ਕਾਰਕੁੰਨਾਂ ਨਾਲ ਉਥੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉਥੇ ਵੱਡੀ ਗਿਣਤੀ ’ਚ ਵਿਦਿਆਰਥਣਾਂ ਮਿਲੀਆਂ ਅਤੇ ਸਤਿਸੰਗ ’ਚ ਬੱਚਿਆਂ ਤੇ ਔਰਤਾਂ ਦਾ ਬ੍ਰੇਨਵਾਸ਼ ਕੀਤਾ ਜਾ ਰਿਹਾ ਸੀ, ਇਸ ਲਈ ਅਸੀਂ ਇਸ ਦਾ ਵਿਰੋਧ ਕੀਤਾ ਅਤੇ ਬਿਨਾ ਇਜਾਜ਼ਤ ਹੋ ਰਹੇ ਸਤਿਸੰਗ ਨੂੰ ਬੰਦ ਕਰਵਾ ਦਿੱਤਾ।
ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 2017 ‘ਚ ਆਪਣੀਆਂ ਸਾਧਵੀਆਂ ਨਾਲ ਜਬਰ ਜ਼ਿਨਾਹ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ 2 ਸਾਲ ਪਹਿਲਾਂ ਇਕ ਪੱਤਰਕਾਰ ਦੇ ਕਤਲ ਕੇਸ ‘ਚ ਉਮਰ ਕੈਦ ਅਤੇ 18 ਅਕਤੂਬਰ 2021 ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਰਣਜੀਤ ਸਿੰਘ ਕਤਲ ਕੇਸ ‘ਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ।